ਅੰਮ੍ਰਿਤਸਰ: ਕਰੋਨਾ ਦੌਰਾਨ ਆਕਸੀਜਨ ਦੀ ਵਧ ਰਹੀ ਮੰਗ ਅਤੇ ਸਪਲਾਈ ਠੀਕ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਬੀਤੀ ਰਾਤ ਕਰੋਨਾ ਮਰੀਜ਼ਾਂ ਦੇ ਚੱਲ ਰਹੇ ਇਲਾਜ, ਆਕਸੀਜਨ ਭੰਡਾਰ ਦੀ ਸਪਲਾਈ ਚੇਨ ਤੇ ਵੰਡ ਅਤੇ ਕਰੋਨਾ ਕੰਟਰੋਲ ਰੂਮ ਆਦਿ ਦਾ ਨਿਰੀਖਣ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਰੋਨਾ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਕਰ ਰਹੀ ਮੁੱਖ ਗੈਸ ਨਿਰਮਾਤਾ ਏਜੰਸੀ ਭੁੱਲਰ ਗੈਸ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਆਕਸੀਜਨ ਦੀ ਸਪਲਾਈ ਘੱਟ ਆਉਣ ਕਾਰਨ ਰੋਜ਼ਾਨਾ ਦੀ ਲੋੜ ਹੀ ਪੂਰੀ ਹੋ ਰਹੀ ਹੈ ਅਤੇ ਸੁਰੱਖਿਅਤ ਭੰਡਾਰ ਨਾਂਹ ਦੇ ਬਰਾਬਰ ਹਨ। ਗੁਰੂ ਨਾਨਕ ਹਸਪਤਾਲ ਵਿੱਚ ਆਕਸੀਜਨ ਭੰਡਾਰ ਲਈ ਵੱਡਾ ਸਾਧਨ ਮੌਜੂਦ ਹੈ ਪਰ ਕਈ ਵਾਰ ਤਰਲ ਆਕਸੀਜਨ ਦੀ ਸਪਲਾਈ ਸਮੇਂ ਸਿਰ ਨਾ ਆਉਣ ਕਾਰਨ ਸਿਲੰਡਰ ਵੀ ਵਰਤਣੇ ਪੈਦੇ ਹਨ। ਉਨ੍ਹਾਂ ਕਰੋਨਾ ਕੰਟਰੋਲ ਰੂਮ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜੇਕਰ ਮਰੀਜ਼ਾਂ ਦੀ ਗਿਣਤੀ ਹੋਰ ਵਧਦੀ ਹੈ ਤਾਂ ਉਸ ਲਈ ਹੋਰ ਲੋੜਾਂ ਦੀ ਸਮੀਖਿਆ ਕੀਤੀ ਜਾਵੇਗੀ। -ਟ੍ਰਿਬਿਊਨ ਨਿਊਜ਼ ਸਰਵਿਸ