ਪੱਤਰ ਪ੍ਰੇਰਕ
ਅੰਮ੍ਰਿਤਸਰ, 29 ਅਪਰੈਲ
ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਡਾ. ਰਸ਼ਮੀ ਦੀ ਅਗਵਾਈ ਵਿੱਚ ‘ਵਿਸ਼ਵ ਨ੍ਰਿਤ ਦਿਵਸ’ ਨੂੰ ਸਮਰਪਿਤ ਕਲਾਸੀਕਲ ਅਤੇ ਲੋਕ ਨਾਚਾਂ ਦੀ ਪੇਸ਼ਕਾਰੀ ਕੀਤੀ ਗਈ। ਕਰੋਨਾ ਮਹਾਮਾਰੀ ਦੇ ਕਾਰਨ ਪਿਛਲੇ ਦੋ ਸਾਲਾਂ ਦੇ ਅੰਤਰਾਲ ਤੋਂ ਬਾਅਦ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਨਾਮਵਰ ਸਕੂਲਾਂ ਦੇ 70 ਤੋਂ ਵੱਧ ਵਿਦਿਆਰਥੀਆਂ ਨੇ ਨ੍ਰਿੱਤ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਇਨ੍ਹਾਂ ਸਕੂਲਾਂ ਵਿੱਚ ਡੀ.ਏ.ਵੀ. ਸਕੂਲ, ਡੀ. ਪੀ. ਐਸ, ਜੀ. ਡੀ. ਗੋਇਨਕਾ, ਡੀ. ਏ. ਵੀ. ਅਟਾਰੀ, ਹੋਲੀ ਹਾਰਟ, ਭਵਨ ਐਸ. ਐਲ. ਸਕੂਲਾਂ ਨੇ ਸ਼ਾਨਦਾਰ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਵਿੱਚ ਕਲਾਸੀਕਲ, ਫੋਕ, ਸੂਫ਼ੀ ਸਮੇਤ ਕਈ ਨ੍ਰਿਤਾਂ ਦਾ ਪ੍ਰਦਰਸ਼ਨ ਹੋਇਆ। ਇਸ ਤੋਂ ਬਾਅਦ ਦੋ ਕਥਕ ਦਾ ਕਲਾ ਰਸ਼ਮੀ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ। ਮਸ਼ਹੂਰ ਕਥਕ ਨ੍ਰਿਤਕਾਰਾਂ ਅਸਮੀਤਾ ਚਾਵਲਾ ਅਤੇ ਮਾਨਸੀ ਸਕਸੇਨਾ ਨੇ ਪ੍ਰੋਗਰਾਮ ਵਿੱਚ ਚਾਰ ਚੰਨ ਲਗਾ ਦਿੱਤੇ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਲਤਿਕਾ ਅਰੋੜਾ ਨੇ ਬਾਖੂਬੀ ਨਿਭਾਈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪੁਲੀਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਚ ਵਿਸ਼ਵ ਨਾਚ ਦਿਵਸ ਮਨਾਇਆ ਗਿਆ। ਇਸ ਮੌਕੇ ਡਾਂਸ ਅਧਿਆਪਕਾਂ ਸਵੀਟੀ ਸਿਧਾਣਾ, ਲਕਸ਼ਮੀ ਕੁਮਾਰੀ ਅਤੇ ਰੀਨਾ ਨੇ 100 ਵਿਦਿਆਰਥਣਾਂ ਵੱਲੋਂ ਤਿਆਰ ਰਾਜਸਥਾਨੀ ਲੋਕ ਨਾਚ ਚਿਰਮੀ ਅਤੇ ਘੁਮਰ ਦੀ ਮਨਮੋਹਕ ਪੇਸ਼ਕਾਰੀ ਕੀਤੀ। ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਡਾਂਸ ਦੀ ਸ਼ਲਾਘਾ ਕੀਤੀ।