ਪੱਤਰ ਪ੍ਰੇਰਕ
ਰਈਆ, 21 ਸਤੰਬਰ
ਆਲ ਇੰਡੀਆ ਕਾਂਗਰਸ ਪਾਰਟੀ ਹਾਈ ਕਮਾਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ਦੀ ਖ਼ੁਸ਼ੀ ਵਿੱਚ ਅੱਜ ਅਨਾਜ ਮੰਡੀ ਵਿਚ ਮਜ਼ਦੂਰ ਯੂਨੀਅਨ ਰਈਆ ਦੇ ਸਮੂਹ ਮਜ਼ਦੂਰਾਂ ਵੱਲੋਂ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਾਜ਼ਰ ਸਿੰਘ ਵਡਾਲਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਨਾਲ ਨਿਵਾਜਣ ’ਤੇ ਪੰਜਾਬ ਦੇ ਸਮੂਹ ਦਲਿਤ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।
ਧਾਰੀਵਾਲ (ਪੱਤਰ ਪ੍ਰੇਰਕ): ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣਨ ’ਤੇ ਕਬੀਰਪੰਥੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਪ੍ਰਬੰਧਕ ਕਮੇਟੀ ਸਤਿਗੁਰ ਕਬੀਰ ਮੰਦਿਰ ਫੱਜੂਪੁਰ ਦੇ ਅਹੁਦੇਦਾਰਾਂ ਅਤੇ ਸ਼ਹਿਰ ਧਾਰੀਵਾਲ ਲਾਗਲੇ ਪਿੰਡਾਂ ਦੇ ਕਬੀਰਪੰਥੀ ਭਾਈਚਾਰੇ ਦੀ ਵਿਸ਼ੇਸ਼ ਇਕੱਤਰਤਾ ਹੋਈ। ਸਤਿਗੁਰੂ ਕਬੀਰ ਮੰਦਰ ਫੱਜੂਪੁਰ ਵਿੱਚ ਕਮੇਟੀ ਪ੍ਰਧਾਨ ਅਸ਼ਵਨੀ ਫੱਜੂਪੁਰ ਦੀ ਅਗਵਾਈ ਵਿੱਚ ਇਕੱਤਰ ਹੋਏ ਕਬੀਰਪੰਥੀ ਨੂਮਾਇੰਦਿਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ।
ਅੰਮ੍ਰਿਤਸਰ (ਪੱਤਰ ਪ੍ਰੇਰਕ): ਸੁਖਜਿੰਦਰ ਸਿੰਘ ਰੰਧਾਵਾ ਦੇ ਉਪ ਮੁੱਖ ਮੰਤਰੀ ਬਣਨ ’ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਨੇ ਉਨ੍ਹਾਂ ਦੇ ਘਰ ਪੁੱਜ ਕੇ ਗੁਲਦਸਤਾ ਦੇ ਕੇ ਰੰਧਾਵਾ ਦਾ ਸਵਾਗਤ ਕੀਤਾ।
ਚੰਨੀ ਵੱਲੋਂ ਕੀਤੇ ਐਲਾਨ ਸ਼ਲਾਘਾਯੋਗ: ਮੰਗੂਪੁਰ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਹੁਦਾ ਸੰਭਾਲਦਿਆਂ ਹੀ ਗਰੀਬਾਂ ਲਈ ਕੀਤੇ ਵੱਡੇ ਐਲਾਨਾਂ ਦੀ ਸ਼ਲਾਘਾ ਕੀਤੀ ਹੈ। ਨਵ-ਨਿਯੁਕਤ ਮੁੱਖ ਮੰਤਰੀ ਨੂੰ ਵਧਾਈ ਦਿੰਦਿਆਂ ਚੌਧਰੀ ਮੰਗੂਪੁਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਗ਼ਰੀਬਾਂ ਦੇ ਪਾਣੀ ਅਤੇ ਬਿਜਲੀ ਦੇ ਬਿੱਲ ਅਤੇ ਪਿਛਲੇ ਪੰਜ ਸਾਲਾਂ ਦਾ ਬਕਾਇਆ ਮੁਆਫ਼ ਕਰਨ ਦੇ ਨਾਲ-ਨਾਲ ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਵੀ ਵੱਡੀ ਰਾਹਤ ਮਿਲੇਗੀ।
ਗੁਲਜ਼ਾਰ ਸਿੰਘ ਰਣੀਕੇ ਨੇ ਚੰਨੀ ਨੂੰ ਵਧਾਈ ਦਿੱਤੀ
ਅੰਮ੍ਰਿਤਸਰ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਨੁਸੂਚਿਤ ਜਾਤੀ ਵਿੰਗ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਗ਼ਰੀਬ ਦਲਿਤ ਭਾਈਚਾਰੇ ਦੇ ਪਰਿਵਾਰ ਦਾ ਮੁੱਖ ਮੰਤਰੀ ਬਣਨਾ ਬਹੁਤ ਵੱਡੀ ਗੱਲ ਹੈ।