ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਜਨਵਰੀ
ਚੋਣਾਂ ਦੇੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਅਤੇ ਇਨ੍ਹਾਂ ਦੇ ਆਗੂਆਂ ਦੇ ਹੋਰਡਿੰਗ ਨੂੰ ਸ਼ਹਿਰ ਵਿਚੋਂ ਹਟਾਉਣ ਦੇ ਸ਼ੁਰੂ ਹੋਏ ਕੰਮ ਦੌਰਾਨ ਅੱਜ ਇਕ ਵਿਅਕਤੀ ਦੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਨੇੜੇ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਇਹ ਹੋਰਡਿੰਗ ਹਟਾ ਰਿਹਾ ਸੀ। ਕੋਲੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆਉਣ ਕਾਰਨ ਉਸ ਨੂੰ ਬਿਜਲੀ ਦਾ ਕਰੰਟ ਲੱਗਾ। ਉਸ ਦੀ ਸ਼ਨਾਖ਼ਤ ਬੌਬੀ ਵਾਸੀ ਨੂਰੀ ਮੁਹੱਲਾ ਵਜੋਂ ਹੋਈ ਹੈ। ਇਸੇ ਦੌਰਾਨ ਇਕ ਹੋਰ ਵਿਅਕਤੀ ਕਰੰਟ ਲੱਗਣ ਨਾਲ ਜ਼ਖ਼ਮੀ ਹੋ ਗਿਆ। ਉਸ ਦੀ ਸ਼ਨਾਖ਼ਤ ਅਸ਼ੋਕ ਕੁਮਾਰ ਵਜੋਂ ਹੋਈ ਹੈ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਮੌਕੇ ਹਾਜ਼ਰ ਲੋਕਾਂ ਨੇ ਤਿੰਨ ਜਣਿਆਂ ਨੂੰ ਕਰੰਟ ਲੱਗਣ ਦਾ ਦਾਅਵਾ ਕੀਤਾ ਜਦੋਂਕਿ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਦੋ ਜਣਿਆਂ ਬਾਰੇ ਹੀ ਜਾਣਕਾਰੀ ਹੈ।
ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਬਾਹਰ ਮ੍ਰਿਤਕ ਬੌਬੀ ਦੇ ਪਰਿਵਾਰ ਵੱਲੋਂ ਰੋਸ ਦਿਖਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੌਬੀ ਠੇਕਾ ਆਧਾਰਿਤ ਸਫ਼ਾਈ ਕਰਮਚਾਰੀ ਦਾ ਕੰਮ ਕਰ ਰਿਹਾ ਸੀ। ਸੜਕਾਂ ਤੋਂ ਇਹ ਬੋਰਡ ਹਟਾਉਣ ਉਸ ਦਾ ਕੰਮ ਨਹੀਂ ਸੀ। ਉਨ੍ਹਾਂ ਦੋਸ਼ ਲਾਇਆ ਕਿ ਸੈਨੇਟਰੀ ਇੰਸਪੈਕਟਰ ਵੱਲੋਂ ਦਬਾਅ ਪਾਉਣ ਕਾਰਨ ਹੀ ਉਹ ਇਹ ਬੋਰਡ ਹਟਾਉਣ ਗਿਆ ਸੀ। ਇਸ ਨੌਜਵਾਨ ਦਾ ਲੋਹੜੀ ਤੋਂ ਬਾਅਦ ਵਿਆਹ ਹੋਣ ਵਾਲਾ ਸੀ।
ਜ਼ਖ਼ਮੀ ਹੋਏ ਅਸ਼ੋਕ ਕੁਮਾਰ ਦੇ ਰਿਸ਼ਤੇਦਾਰ ਵਿਮਲ ਨੇ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋਂ ਨਗਰ ਨਿਗਮ ਵਿਚ ਬਤੌਰ ਕੱਚਾ ਕਰਮਚਾਰੀ ਕੰਮ ਕਰ ਰਿਹਾ ਹੈ। ਕਰੰਟ ਲੱਗਣ ਨਾਲ ਉਸ ਦੇ ਸਰੀਰ ਦਾ ਸੱਜਾ ਹਿੱਸਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਉਸ ਨੂੰ ਮੁਆਵਜ਼ੇ ਵਜੋਂ ਪੱਕਾ ਕਰੇ ਅਤੇ ਇਲਾਜ ਦਾ ਖ਼ਰਚਾ ਦੇਵੇ। ਉਸ ਨੇ ਆਖਿਆ ਕਿ ਪ੍ਰਾਈਵੇਟ ਹਸਪਤਾਲ ਵੱਲੋਂ ਟੈਸਟਾਂ ਅਤੇ ਹੋਰ ਦਵਾਈਆਂ ਵਾਸਤੇ ਅਗਾਊਂ ਪੈਸੇ ਮੰਗੇ ਜਾ ਰਹੇ ਹਨ।
ਇਸ ਦੌਰਾਨ ਪੁਲੀਸ ਦੇ ਸਹਾਇਕ ਕਮਿਸ਼ਨਰ ਮਨਜੀਤ ਸਿੰਘ ਨੇ ਮੌਕੇ ’ਤੇ ਜਾ ਕੇ ਪ੍ਰਦਰਸ਼ਨਕਾਰੀਆਂ ਦਾ ਰੋਹ ਸ਼ਾਂਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਦੋ ਜਣਿਆਂ ਨੂੰ ਕਰੰਟ ਲਗਣ ਦੀ ਸੂਚਨਾ ਮਿਲੀ ਹੈ। ਇਹ ਵਿਅਕਤੀ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸਿਆਸੀ ਪਾਰਟੀਆਂ ਦੇ ਬੋਰਡ ਹਟਾ ਰਹੇ ਸਨ ਤੇ ਇਸ ਦੌਰਾਨ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆ ਗਏ। ਪੁਲੀਸ ਨੇ ਪੀੜਤ ਪਰਿਵਾਰਾਂ ਦੇ ਬਿਆਨ ਲਏ ਹਨ ਅਤੇ ਉਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।