ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 21 ਜੁਲਾਈ
ਇੱਥੇ ਕਾਫ਼ੀ ਦਿਨਾਂ ਦੇ ਵਕਫ਼ੇ ਤੋਂ ਬਾਅਦ ਅੱਜ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਕਰੋਨਾ ਤੋਂ ਬਚਾਅ ਲਈ ਲਗਾਏ ਜਾ ਰਹੇ ਟੀਕੇ ਪਹੁੰਚਣ ’ਤੇ ਲੋਕਾਂ ਨੂੰ ਕੁੱਝ ਰਾਹਤ ਮਿਲੀ। ਭਾਵੇਂ ਹੁਣ ਕਰੋਨਾ ਦੇ ਕੇਸ ਘਟਣੇ ਸ਼ੁਰੂ ਹੋ ਗਏ ਹਨ ਪਰ ਸੰਭਾਵਿਤ ਤੀਜੀ ਲਹਿਰ ਦੇ ਡਰ ਕਾਰਨ ਕਰੋਨਾ ਰੋਕੂ ਟੀਕਾ ਲੁਆਉਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ਦੀਆਂ ਹੋਰ ਡਿਸਪੈਂਸਰੀਆਂ ਵਾਂਗ ਸਥਾਨਕ ਸੁਲਤਾਨਵਿੰੰਡ ਰੋਡ ’ਤੇ ਪੱਥਰਾਂ ਵਾਲੀ ਪਾਰਕ ਸਥਿਤ ਡਿਸਪੈਂਸਰੀ ਵਿੱਚ ਕੋਵੀਸ਼ੀਲਡ ਦਵਾਈ ਪਹੁੰਚਣ ਦੀ ਖ਼ਬਰ ਮਿਲਣ ’ਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਔਰਤਾਂ, ਮਰਦ ਤੇ ਬਜ਼ੁਰਗ ਇਕੱਤਰ ਹੋ ਗਏ। ਇਸ ਦੌਰਾਨ ਇੱਥੇ ਟੀਕੇ ਦੀ ਦੂਜੀ ਡੋਜ਼ ਲਗਾਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਕਰ ਕੇ ਪਹਿਲਾਂ ਦੂਜੀ ਡੋਜ਼ ਲਗਾਈ ਗਈ।
ਅਜੇ ਟੀਕਾ ਲੱਗਣਾ ਸ਼ੁਰੂ ਵੀ ਨਹੀਂ ਸੀ ਹੋਇਆ ਕਿ ਇੱਥੇ ਪੁੱਜੇ ਵੱਡੀ ਗਿਣਤੀ ਲੋਕਾਂ ਨੇ ਪਹਿਲਾਂ ਹੀ ਲੰਬੀਆਂ ਲੰਬੀਆਂ ਕਤਾਰਾਂ ਬਣਾ ਲਈਆਂ ਸਨ। ਪਰ ਜਿਵੇਂ ਹੀ ਸਿਹਤ ਕਰਮੀਆਂ ਨੇ ਲੋਕਾਂ ਨੂੰ ਕਰੋਨਾ ਰੋਕੂ ਟੀਕੇ ਲਾਉਣੇ ਸ਼ੁਰੂ ਕੀਤੇ ਤਾਂ ਲੋਕ ਕਤਾਰਾਂ ਤੋੜ ਕੇ ਅੱਗੇ ਵਧਣ ਲਈ ਭੀੜ ਦੇ ਰੂਪ ਵਿਚ ਇਕੱਠੇ ਹੋ ਗਏ। ਇਸ ਦੌਰਾਨ ਲੋਕ ਸਰਕਾਰ ਵੱਲੋਂ ਕਰੋਨਾ ਤੋਂ ਬਚਾਅ ਲਈ ਜਾਰੀ ਸਮਾਜਿਕ ਦੂਰੀ ਦੀਆਂ ਹਦਾਇਤਾਂ ਨੂੰ ਭੁੱਲ ਗਏ। ਲੋਕਾਂ ਦੀ ਭੀੜ ਲਗਦੀ ਦੇਖ ਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਲੋਕਾਂ ਨੂੰ ਉੱਚਿਤ ਦੂਰੀ ਅਤੇ ਕਤਾਰਾਂ ਵਿਚ ਖੜ੍ਹੇ ਹੋਣ ਦੀ ਅਪੀਲ ਕੀਤੀ ਪਰ ਇਸ ਦਾ ਕੋਈ ਖ਼ਾਸ ਅਸਰ ਨਹੀਂ ਹੋਇਆ। ਟੀਕਾ ਲਗਵਾਉਣ ਲਈ ਡਿਸਪੈਂਸਰੀ ਦੇ ਅੰਦਰ ਜਾਣ ਤੇ ਬਾਹਰ ਆਉਣ ਦਾ ਇੱਕ ਹੀ ਦਰਵਾਜ਼ਾ ਖੁੱਲ੍ਹਾ ਹੋਣ ਕਰ ਕੇ ਔਰਤਾਂ ਤੇ ਬਜ਼ੁਰਗਾਂ ਨੂੰ ਕਾਫ਼ੀ ਦਿੱਕਤ ਪੇਸ਼ ਆਈ।
ਇਸ ਦੌਰਾਨ ਰਾਤ ਮੀਂਹ ਪੈਣ ਕਰ ਕੇ ਡਿਸਪੈਂਸਰੀ ਦੇ ਬਰਾਂਡੇ ਦੀ ਛੱਤ ਤੋਂ ਟਪਕ ਕੇ ਲੋਕਾਂ ਦੇ ਸਿਰਾਂ ਵਿੱਚ ਪੈਂਦਾ ਪਾਣੀ ਵੀ ਉਨ੍ਹਾਂ ਨੂੰ ਬਰਦਾਸ਼ਤ ਕਰਨਾ ਪਿਆ।
ਕਰੋਨਾ: ਜਲੰਧਰ ਤੇ ਅੰਮ੍ਰਿਤਸਰ ਵਿਚ 17 ਪਾਜ਼ੇਟਿਵ ਕੇਸ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਕਰੋਨਾ ਪੀੜਤ ਇਕ ਮਰੀਜ਼ ਦੀ ਮੌਤ ਹੋ ਗਈ ਜਦੋਂਕਿ 10 ਨਵੇਂ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ ਵਿਚ ਹੁਣ ਤੱਕ 1489 ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 63,023 ਤੱਕ ਪਹੁੰਚ ਗਈ ਹੈ। ਜ਼ਿਲ੍ਹੇ ਵਿਚ 102 ਐਕਟਿਵ ਕੇਸ ਹਨ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾ ਕਾਰਨ ਅੱਜ ਵੀ ਮੌਤ ਤੋਂ ਬਚਾਅ ਰਿਹਾ ਹੈ। ਇਸ ਦੌਰਾਨ ਅੱਜ 7 ਹੋਰ ਕਰੋਨਾ ਨਵੇਂ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਕਰੋਨਾ ਕਾਰਨ ਹੁਣ ਤਕ ਜ਼ਿਲ੍ਹੇ ਵਿਚ 1580 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਵੇਲੇ ਕਰੋਨਾ ਦੇ 64 ਮਰੀਜ਼ ਜ਼ੇਰੇ ਇਲਾਜ ਹਨ। ਅੱਜ 15 ਮਰੀਜ਼ ਸਿਹਤਯਾਬ ਹੋਏ ਹਨ।