ਪੱਤਰ ਪ੍ਰੇਰਕ
ਅੰਮ੍ਰਿਤਸਰ, 6 ਜੁਲਾਈ
30 ਜੂਨ ਤੋਂ 10 ਜੁਲਾਈ ਤੱਕ ਪਾਇਟੈਕਸ ਮੈਦਾਨ ਰਣਜੀਤ ਐਵੇਨਿਊ ਵਿੱਚ ਚੱਲ ਰਹੇ ਕਰਾਫਟ ਬਾਜ਼ਾਰ ਵਿਚ ਲੋਕਾਂ ’ਚ ਕਾਫੀ ਉਤਸ਼ਾਹ ਦਿਖਿਆ। ਵੱਡੀ ਗਿਣਤੀ ਵਿਚ ਲੋਕ ਕਰਾਫਟ ਮੇਲੇ ਵਿਚ ਖਰੀਦਦਾਰੀ ਕਰਨ ਲਈ ਪਹੁੰਚ ਰਹੇ ਹਨ। ਐੱਸ.ਡੀ.ਐੱਮ. ਅੰਮ੍ਰਿਤਸਰ-2 ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕਰਾਫਟ ਬਾਜ਼ਾਰ ਵਿਚ 100 ਸਟਾਲ ਕਾਰੀਗਾਰਾਂ ਵਲੋਂ ਲਗਾਏ ਗਏ ਹਨ ਅਤੇ ਇਸ ਤੋਂ ਇਲਾਵਾ ਖਾਣ-ਪੀਣ ਦੇ ਵੀ 25 ਸਟਾਲ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਰਾਫ਼ਟ ਬਾਜ਼ਾਰ ਵਿਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਪਾਰਕਿੰਗ, ਪੀਣ ਵਾਲਾ ਪਾਣੀ, ਖਾਣ ਪੀਣ ਦੇ ਸਟਾਲ, ਅਤੇ ਬੱਚਿਆਂ ਲਈ ਝੂਲਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਰਾਤ ਨੂੰ ਮੇਲੇ ਦੀ ਰੌਣਕ ਵਧਾਉਣ ਲਈ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਰਾਫ਼ਟ ਬਾਜ਼ਾਰ ਵਿਚ ਲੱਕੜੀ, ਕੱਪੜਾ, ਲੋਹਾ, ਪੱਥਰ, ਬਾਂਸ, ਜੂਟ, ਧਾਗਾ, ਕੱਚ ਆਦਿ ਦੀ ਵਰਤੋਂ ਨਾਲ ਕਾਰੀਗਰਾਂ ਹੱਥਾਂ ਨਾਲ ਤਿਆਰ ਕੀਤੇ ਗਏ ਬਹੁਮੁੱਲੇ ਸਾਮਾਨ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।