ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 25 ਅਗਸਤ
ਹੁਣ ਕਰੋਨਾ ਵਾਇਰਸ ਸਬੰਧੀ ਜਾਂਚ ਲਈ ਸੈਂਪਲ ਦੇਣ ਮੌਕੇ ਹੀ ਵਿਅਕਤੀ ਆਪਣਾ ਸਵੈ-ਘੋਸ਼ਣਾ ਪੱਤਰ ਦੇ ਕੇ ਪਾਜ਼ੇਟਿਵ ਆਉਣ ਉਤੇ ਘਰ ਵਿੱਚ ਇਕਾਂਤਵਾਸ ਹੋਣ ਦੀ ਬੇਨਤੀ ਕਰ ਸਕਦੇ ਹਨ। ਇਸ ਤੋਂ ਪਹਿਲਾਂ ਸਵੈ ਘੋਸ਼ਣਾ ਪੱਤਰ ਉਪਰ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮਨਜ਼ੂਰੀ ਲੈਣੀ ਲਾਜ਼ਮੀ ਕੀਤੀ ਹੋਈ ਸੀ।
ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਲੱਛਣਾਂ ਤੋਂ ਰਹਿਤ ਅਤੇ ਹਲਕੇ ਲੱਛਣਾਂ ਵਾਲੇ ਮਰੀਜ਼ ਹੁਣ ਆਪਣਾ ਸੈਂਪਲ ਕਰਵਾਉਣ ਮੌਕੇ ਕੁਝ ਸ਼ਰਤਾਂ ਆਧਾਰਤ ਸਵੈ-ਘੋਸ਼ਣਾ ਪੱਤਰ ਭਰ ਕੇ ਦੇ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਅਨੈਕਸਚਰ-ਏ ਅਨੁਸਾਰ ਆਸਾਨੀ ਨਾਲ ਘਰ ਵਿਚ ਇਕਾਂਤਵਾਸ ਹੋਣ ਦਾ ਮੌਕਾ ਮਿਲ ਜਾਵੇਗਾ।ਉਨ੍ਹਾਂ ਦੱਸਿਆ ਕਿ ਸਵੈਘੋਸ਼ਣਾ ਪੱਤਰ ਦੇਣ ਵਾਲਿਆਂ ਦੇ ਸੈਂਪਲ ਲੈਣ ਮੌਕੇ ਤਾਇਨਾਤ ਡਾਕਟਰ ਵਲੋਂ ਉਨ੍ਹਾਂ ਦੀ ਕਲੀਨੀਕਲ ਜਾਂਚ ਕੀਤੀ ਜਾਵੇਗੀ ਅਤੇ ਪਾਜ਼ੇਟਿਵ ਆਉਣ ’ਤੇ ਇਹ ਮਰੀਜ਼ ਬਿਨਾਂ ਹਸਪਤਾਲ ਲਿਆਂਦੇ ਘਰ ਵਿਚ ਇਕਾਂਤਵਾਸ ਹੋ ਸਕਣਗੇ ਪਰ ਉਨ੍ਹਾਂ ਮਰੀਜ਼ਾਂ ਨੂੰ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਵੀ ਕਰਨੀ ਪਵੇਗੀ।
ਸਿਵਲ ਸਰਜਨ ਨੇ ਦੱਸਿਆ ਕਿ ਮਰੀਜ਼ਾਂ ਕੋਲ ਰੋਜ਼ਾਨਾ ਸਿਹਤ ਜਾਂਚ ਲਈ ਇਕ ਕਿੱਟ ਜ਼ਰੂਰੀ ਹੈ, ਜਿਸ ਵਿਚ ਇੱਕ ਥਰਮਾਮੀਟਰ, ਇੱਕ ਪਲਸ ਔਕਸੀਮੀਟਰ, ਵਿਟਾਮਿਨ ਸੀ ਅਤੇ ਜ਼ਿੰਕ ਦੀਆਂ ਗੋਲੀਆਂ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜੇ ਮਰੀਜ਼ ਨੂੰ ਫਿਰ ਵੀ ਕੋਵਿਡ-19 ਬਿਮਾਰੀ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਸਿਹਤ ਕਰਮਚਾਰੀ ਜਾਂ ਡਾਕਟਰ ਨਾਲ ਸੰਪਰਕ ਕਰਨਾ ਹੋਵੇਗਾ।