ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 18 ਜੂਨ
ਸਥਾਨਕ ਨਗਰ ਨਿਗਮ ਕਮਿਸ਼ਨਰ ਕੋਮਲ ਮਿੱਤਲ ਨੇ ਉੱਚ ਅਧਿਕਾਰੀਆਂ ਸਮੇਤ ਸਵਿਸ ਗਰੀਨ ਤੇ ਸਵਿਸ ਲੈਂਡ ਕਾਲੋਨੀਆਂ ਦਾ ਦੌਰਾ ਕੀਤਾ ਅਤੇ ਕਾਲੋਨੀ ਵਾਸੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਸੁਣੀਆਂ।
ਸਵਿਸ ਕਾਲੋਨੀਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੁੰਡਾ ਦੀ ਅਗਵਾਈ ’ਚ ਕਾਲੋਨੀ ਵਾਸੀਆਂ ਨੇ ਕਮਿਸ਼ਨਰ ਮਿੱਤਲ ਨੂੰ ਖਸਤਾ ਹਾਲਤ ਰਸਤਿਆਂ ਅਤੇ ਕਾਲੋਨੀਆਂ ਦੇ ਤਰਸਯੋਗ ਹਾਲਾਤ ਤੋਂ ਜਾਣੂ ਕਰਵਾਇਆ। ਉਨ੍ਹਾਂ ਕਮਿਸ਼ਨਰ ਨੂੰ ਕਿਹਾ ਕਿ ਇਨ੍ਹਾਂ ਕਾਲੋਨੀਆਂ ਨੂੰ ਰੈਗੂਲਰ ਕਰਵਾ ਕੇ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਕਲੋਨਾਈਜ਼ਰਾਂ ਨੇ ਉਕਤ ਕਾਲੋਨੀਆਂ ਨੂੰ ਰੈਗੂਲਰ ਨਹੀਂ ਕਰਵਾਇਆ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਹੋਵੇ। ਪ੍ਰਧਾਨ ਖੁੰਡਾ ਨੇ ਦੱਸਿਆ ਕਿ ਉਕਤ ਕਾਲੋਨੀਆਂ ਵਿੱਚ ਰਹਿ ਰਹੇ ਵਾਸੀਆਂ ਵਲੋਂ ਨਗਰ ਨਿਗਮ ਤੋਂ ਐੱਨ.ਓ.ਸੀ ਸਰਟੀਫਿਕੇਟ ਲੈ ਕੇ ਨਕਸ਼ੇ ਪਾਸ ਕਰਵਾਏ ਗਏ ਹਨ ਅਤੇ ਡਿਵੈਲਪਮੈਂਟ ਚਾਰਜ ਤੇ ਹੋਰ ਲੋੜੀਂਦੇ ਖ਼ਰਚ ਜਮ੍ਹਾਂ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਕਾਲੋਨੀਆਂ ਦੀਆਂ ਸੜਕਾਂ ਤੋਂ ਇਲਾਵਾ ਸ਼ੁੱਧ ਪਾਣੀ ਦੀ ਸਪਲਾਈ, ਸਟਰੀਟ ਲਾਈਟਾਂ, ਸਾਫ਼ ਸਫ਼ਾਈ, ਪਾਰਕਾਂ ਦਾ ਵਿਕਾਸ ਤੁਰੰਤ ਕਰਵਾਇਆ ਜਾਵੇ ਅਤੇ ਕਾਲੋਨੀ ਦੇ ਪਾਸ ਤੋਂ ਗੁਜ਼ਰਦੇ ਗੰਦੇ ਨਾਲੇ ਦੇ ਜ਼ਹਿਰੀਲੇ ਪਾਣੀ ਨੂੰ ਮੇਨ ਸੀਵਰੇਜ ਵਿੱਚ ਪਾਉਣ ਦੀ ਅਪੀਲ ਕੀਤੀ। ਨਿਗਮ ਕਮਿਸ਼ਨਰ ਨੇ ਕਾਲੋਨੀ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆਂ ਅਤੇ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਪ੍ਰੋ. ਸਰਚਾਂਦ ਸਿੰਘ, ਗੁਰਸਾਹਿਬ ਸਿੰਘ ਮਾੜੀ ਮੇਘਾ, ਜਸਬੀਰ ਸਿੰਘ ਬੰਦੇਸ਼ਾ, ਜਤਿੰਦਰ ਸਿੰਘ ਰੰਧਾਵਾ ਆਦਿ ਮੌਜੂਦ ਸਨ।