ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਅਕਤੂਬਰ
ਜ਼ਿਲ੍ਹੇ ਵਿੱਚ ਅੱਜ 93 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਤੇ ਚਾਰ ਵਿਅਕਤੀਆਂ ਦੀ ਮੌਤ ਗਈ ਹੈ। ਜ਼ਿਲ੍ਹੇ ਵਿੱਚ ਮਰਨ ਵਾਲਿਆਂ ਦਾ ਅੰਕੜਾ ਚਾਰ ਸੌ ਤੋਂ ਪਾਰ ਹੋ ਗਿਆ ਹੈ। ਅੱਜ ਕਰੋਨਾ ਕਾਰਨ 72 ਸਾਲਾ ਹਰਭਜਨ ਸਿੰਘ ਗਿੱਲ ਵਾਸੀ ਪਿੰਡ ਦੁਧਾਲਾ, 74 ਸਾਲਾ ਵਿਜੇ ਕੁਮਾਰ ਵਾਸੀ ਗਰੀਨ ਫੀਲਡ, 68 ਸਾਲਾ ਸੁਖਵੰਤ ਕੌਰ ਵਾਸੀ ਅਮਨ ਐਵੀਨਿਊ ਅਤੇ 73 ਸਾਲਾ ਗੁਰਸ਼ਰਨ ਸਿੰਘ ਵਾਸੀ ਹੋਲੀ ਸਿਟੀ ਦੀ ਮੌਤ ਹੋਈ ਹੈ। ਜ਼ਿਲ੍ਹੇ ਵਿਚ ਕੁਲ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 10928 ਹੋ ਗਈ ਹੈ।
ਜਲੰਧਰ(ਨਿਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਨਾਲ 3 ਮੌਤਾਂ ਹੋਈਆਂ ਹਨ, ਜਦੋਂ ਕਿ 137 ਨਵੇਂ ਪਾਜ਼ੇਟਿਵ ਕੇਸ ਆਏ ਹਨ। ਇਨ੍ਹਾਂ ਵਿੱਚੋਂ 111 ਕੇਸ ਜਲੰਧਰ ਦੇ ਹਨ ਤੇ ਬਾਕੀ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 13,791 ਹੋ ਗਈ ਹੈ ਜਦੋਂ ਕਿ ਮੌਤਾਂ ਦੀ ਕੁਲ ਗਿਣਤੀ 425 ਹੋ ਗਈ ਹੈ।
ਹੁਸ਼ਿਆਰਪੁਰ(ਪੱਤਰ ਪ੍ਰੇਰਕ): ਜ਼ਿਲ੍ਹੇ ’ਚ ਅੱਜ 38 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ ਹੁਣ ਤਕ 177 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 527 ਕੇਸ ਐਕਟਿਵ ਹਨ ਜਦੋਂਕਿ 4227 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ।
ਗੁਰਦਾਸਪੁਰ(ਪੱਤਰ ਪ੍ਰੇਰਕ): ਜ਼ਿਲ੍ਹਾ ਗੁਰਦਾਸਪੁਰ ‘ਚ ਅੱਜ ਕਰੋਨਾ ਨਾਲ ਤਿੰਨ ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ 52 ਦੀ ਰਿਪੋਰਟ ਪਾਜ਼ੇਟਿਵ ਆਈ ਹੈ।