ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਜੂਨ
ਕਰੋਨਾ ਮਹਾਮਾਰੀ ਦੇ ਚੱਲਦਿਆਂ ਸਥਾਨਕ ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਦੇ ਵੱਡੇ ਪੱਧਰ ਤੇ ਕਰੋਨਾ ਟੈਸਟ ਕਰਾਉਣ ਲਈ ਦੋ ਕਰੋੜ ਰੁਪਏ ਖਰਚ ਕੀਤੇ ਜਾਣ ਦੇ ਫੈਸਲੇ ’ਤੇ ਕਿੰਤੂ ਪ੍ਰੰਤੂ ਹੋਣ ਲੱਗ ਪਿਆ ਹੈ। ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਨਗਰ ਨਿਗਮ ਦੇ ਫੈਸਲੇ ’ਤੇ ਇਤਰਾਜ ਪ੍ਰਗਟ ਕਰਦਿਆਂ ਆਖਿਆ ਕਿ ਜਦੋਂ ਸਰਕਾਰ ਵਲੋਂ ਕਰੋਨਾ ਟੈਸਟ ਮੁਫਤ ਕੀਤੇ ਜਾ ਰਹੇ ਹਨ ਤਾਂ ਨਿਗਮ ਨੂੰ ਇਸ ਕੰਮ ਵਾਸਤੇ ਦੋ ਕਰੋੜ ਰੁਪਏ ਵਰਗੀ ਵੱਡੀ ਰਕਮ ਖਰਚ ਕਰਨ ਦੀ ਕੀ ਲੋੜ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਸਬੰਧੀ ਨਗਰ ਨਿਗਮ ਵਲੋਂ ਕੀਤੀ ਮੀਟਿੰਗ ਵਿਚ ਮੈਡੀਕਲ ਸਿਖਿਆ ਬਾਰੇ ਮੰਤਰੀ ਓਪੀ ਸੋਨੀ ਵਲੋਂ ਵੀ ਇਤਰਾਜ ਪ੍ਰਗਟਾਇਆ ਗਿਆ ਸੀ। ਇਸ ਮੀਟਿੰਗ ਵਿਚ ਵਿਧਾਇਕ, ਕੌਂਸਲਰ ਤੇ ਹੋਰ ਸ਼ਾਮਲ ਹੋਏ ਸਨ।ਇਸ ਸਬੰਧੀ ਗੱਲ ਕਰਦਿਆਂ ਸ੍ਰੀ ਸੋਨੀ ਨੇ ਆਖਿਆ ਕਿ ਉਨ੍ਹਾਂ ਨਿਗਮ ਦੇ ਫੈਸਲੇ ’ਤੇ ਇਤਰਾਜ ਨਹੀਂ ਕੀਤਾ ਸਗੋਂ ਆਖਿਆ ਕਿ ਨਿਗਮ ਪ੍ਰਬੰਧਕਾਂ ਨੂੰ ਇਸ ਸਬੰਧ ਵਿਚ ਸਰਕਾਰ ਕੋਲੋਂ ਪ੍ਰਵਾਨਗੀ ਲੈ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ ਹੈ। ਇਸ ਮਾਮਲੇ ਵਿਚ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਆਖਿਆ ਕਿ ਨਿਗਮ ਵਲੋਂ ਇਸ ਸਬੰਧੀ ਇਕ ਮੀਟਿੰਗ ਵਿਚ ਵਿਧਾਇਕਾਂ ਅਤੇ ਸੰਸਦ ਮੈਂਬਰ ਨੂੰ ਸੱਦਿਆ ਗਿਆ ਸੀ, ਜਿਸ ਵਿਚ ਇਸ ਮੁੱਦੇ ਤੇ ਵਿਚਾਰ ਕਰਨ ਮਗਰੋਂ ਮਤਾ ਪਾਸ ਕੀਤਾ ਗਿਆ ਹੈ।
ਸਰਕਾਰ ਵਲੋਂ ਹਰੀ ਝੰਡੀ ਮਿਲਣ ਮਗਰੋਂ ਹੀ ਨਿਗਮ ਵਲੋਂ ਇਸ ਸਬੰਧੀ ਅਗਲੇਰੀ ਕਾਰਵਾਈ ਅਰੰਭ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਨਗਰ ਨਿਗਮ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਚਿਤੰਤ ਹੈ।ਸ਼ਹਿਰ ਨੂੰ ਪੰਜ ਜ਼ੋਨਾਂ ਵਿੱਚ ਵੰਡ ਕੇ ਹਰੇਕ ਜ਼ੋਨ ਵਿਚ ਕਰੋਨਾ ਟੈਸਟਾਂ ਲਈ ਲਗਪਗ 40 ਲੱਖ ਰੁਪਇਆ ਖਰਚ ਕੀਤਾ ਜਾਵੇਗਾ।