ਪੱਤਰ ਪ੍ਰੇਰਕ
ਅੰਮ੍ਰਿਤਸਰ, 5 ਫਰਵਰੀ
ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਐਤਕੀਂ ਤੀਜੀ ਵਾਰ ਹਲਕਾ ਅੰਮ੍ਰਿਤਸਰ ਕੇਂਦਰੀ ਤੋਂ ਮੁੜ ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਸ੍ਰੀ ਸੋਨੀ ਦੋ ਵਾਰ ਹਲਕਾ ਪੱਛਮੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਚੁੱਕੇ ਹਨ ਅਤੇ ਇਕ ਵਾਰ ਕਾਂਗਰਸ ਪਾਰਟੀ ਵਲੋਂ ਇਸੇ ਹਲਕੇ ਤੋਂ ਚੋਣ ਜਿੱਤੇ ਸਨ। ਹਲਕਾ ਪੱਛਮੀ ਰਿਜਰਵ ਹੋ ਜਾਣ ਕਾਰਨ ਉਹ ਕੇਂਦਰੀ ਹਲਕੇ ਤੋਂ ਚੋਣ ਲੜਦੇ ਆ ਰਹੇ ਹਨ। ਇਸ ਤਰ੍ਹਾਂ ਸੋਨੀ ਲਈ ਇਹ ਚੋਣ ਵੱਕਾਰੀ ਬਣ ਗਈ ਹੈ। ਇਸ ਵਾਰ ਸ਼੍ਰੋਮਣੀ ਅਕਾਲੀ ਦਲ-ਬਸਪਾ ਵਲੋਂ ਦਲਵੀਰ ਕੌਰ ਉਮੀਦਵਾਰ ਹਨ ਜਦੋਂਕਿ ਭਾਜਪਾ ਪੰਜਾਬ ਲੋਕ ਕਾਂਗਰਸ ਵੱਲੋਂ ਡਾ. ਰਾਮ ਚਾਵਲਾ ਚੋਣ ਮੈਦਾਨ ਵਿਚ ਹਨ। ਡਾ. ਚਾਵਲਾ ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ ਦੇ ਸਪੁੱਤਰ ਹਨ ਤੇ ਉਹ ਪਹਿਲੀ ਵਾਰ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਵਲੋਂ ਇਸ ਵਾਰ ਅਜੇ ਗੁਪਤਾ ਨੂੰ ਦੂਜੀ ਵਾਰ ਚੋਣ ਲੜਾਈ ਜਾ ਰਹੀ ਹੈ। ਸ੍ਰੀ ਸੋਨੀ ਭਾਵੇਂ ਇਸ ਵਾਰ ਵੀ ਆਪਣੀ ਜਿੱਤ ਹੋਣ ਦਾ ਦਾਅਵਾ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਕਾਫੀ ਥਾਵਾਂ ’ਤੇ ਵਿਕਾਸ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਹਲਕੇ ਵਿਚ ਪੈਂਦੇ ਕੁਝ ਇਲਾਕਿਆਂ ਵਿਚ ਨਸ਼ਿਆਂ ਦਾ ਵਰਤਾਰਾ ਵੀ ਚਲ ਰਿਹਾ ਹੈ।