ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਜੂਨ
ਰਾਹੁਲ ਗਾਂਧੀ ਕੋਲੋਂ ਈਡੀ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦਾ ਵਿਰੋਧ ਕਰਦਿਆਂ ਅੱਜ ਇੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ।
ਸਥਾਨਕ ਪੁਤਲੀਘਰ ਇਲਾਕੇ ਵਿੱਚ ਇਹ ਰੋਸ ਵਿਖਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਪੱਪੂ ਦੀ ਅਗਵਾਈ ਹੇਠ ਕੀਤਾ ਗਿਆ। ਕਾਂਗਰਸੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕਰਦਿਆਂ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਅਤੇ ਪੁਤਲਾ ਸਾੜਿਆ। ਮੀਡੀਆ ਨਾਲ ਗੱਲ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਪੱਪੂ ਨੇ ਆਖਿਆ ਕਿ ਭਾਜਪਾ ਸਰਕਾਰ ਵੱਲੋਂ ਈਡੀ ਦੀ ਸਥਾਪਨਾ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ ਲਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕਾਲਾ ਧਨ ਤਾਂ ਵਾਪਸ ਨਹੀਂ ਆਇਆ ਪਰ ਮੋਦੀ ਸਰਕਾਰ ਵੱਲੋਂ ਆਪਣੇ ਸਿਆਸੀ ਮੰਤਵ ਲਈ ਈਡੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਰਾਹੀਂ ਆਪਣੇ ਸਿਆਸੀ ਵਿਰੋਧੀਆਂ ਨੂੰ ਡਰਾ ਧਮਕਾ ਕੇ ਭਾਜਪਾ ’ਚ ਸ਼ਾਮਲ ਕੀਤਾ ਜਾ ਰਿਹਾ ਹੈ।
ਹੁਣ ਇਸ ਦੀ ਵਰਤੋਂ ਕਰਕੇ ਰਾਹੁਲ ਗਾਂਧੀ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਸ ਨੂੰ ਕਾਂਗਰਸ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਕੌਂਸਲਰ ਵਿਕਾਸ ਸੋਨੀ ਨੇ ਆਖਿਆ ਕਿ ਮੋਦੀ ਸਰਕਾਰ ਖ਼ਿਲਾਫ਼ ਦੇਸ਼ ਭਰ ’ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮੋਦੀ ਸਰਕਾਰ ਕਾਂਗਰਸ ਨੂੰ ਡਰਾਉਣਾ ਤੇ ਦਬਾਉਣਾ ਚਾਹੁੰਦੀ ਹੈ ਪਰ ਅਜਿਹਾ ਨਹੀਂ ਹੋ ਸਕੇਗਾ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੂੰ ਪੁੱਛਗਿੱਛ ਦੇ ਬਹਾਨੇ ਈਡੀ ਵੱਲੋਂ ਸਾਰਾ ਦਿਨ ਦਫ਼ਤਰ ਵਿੱਚ ਬੁਲਾ ਕੇ ਬਿਠਾਇਆ ਜਾਂਦਾ ਹੈ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੁਝ ਹੋਰ ਕਾਂਗਰਸੀਆਂ ਨੇ ਇਸ ਦਾ ਵਿਰੋਧ ਕਰਦਿਆਂ ਆਖਿਆ ਕਿ ਜੇ ਮੋਦੀ ਸਰਕਾਰ ਨੇ ਆਪਣਾ ਇਹ ਵਤੀਰਾ ਜਾਰੀ ਰੱਖਿਆ ਤਾਂ ਕਾਂਗਰਸ ਵੱਲੋਂ ਦੇਸ਼ ਭਰ ’ਚ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਚੰਡ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਸਿਰਫ 10 ਮਿੰਟ ਵਿੱਚ ਹੀ ਖਤਮ ਹੋਇਆ ਈਡੀ ਖ਼ਿਲਾਫ਼ ਪ੍ਰਦਰਸ਼ਨ
ਆਦਮਪੁਰ ਦੋਆਬਾ (ਜਲੰਧਰ), (ਪੱਤਰ ਪ੍ਰੇਰਕ) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਈਡੀ ਵੱਲੋਂ ਲਗਾਤਾਰ ਕੀਤੀ ਜਾ ਰਹੀ ਪੁੱਛਗਿੱਛ ਦੇ ਵਿਰੋਧ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਅੱਜ ਰੋਸ ਪ੍ਰਦਰਸ਼ਨ ਐੱਮਪੀ ਚੌਧਰੀ ਸਤੋਖ ਸਿੰਘ ਦੀ ਅਗਵਾਈ ’ਚ ਕੀਤਾ। ਜ਼ਿਲ੍ਹਾ ਕਾਂਗਰਸ ਵੱਲੋਂ ਪਹਿਲਾਂ ਧਰਨਾ ਦੇਣਾ ਸੀ ਪਰ ਖਰਾਬ ਮੌਸਮ ਦੇ ਚੱਲਦਿਆਂ ਵਰਕਰਾਂ ਨੇ ਸਿਰਫ ਰੋਸ ਪ੍ਰਦਰਸ਼ਨ ਕੀਤਾ, ਜੋ ਸਿਰਫ 10 ਮਿੰਟ ਹੀ ਚੱਲਿਆ। ਇਸ ਮੌਕੇ ਜਲੰਧਰ ਦੇ ਵਿਧਾਇਕ ਤੇ ਸਾਬਕਾ ਵਿਧਾਇਕ ਵੀ ਨਹੀਂ ਪਹੁੰਚੇ ਤੇ ਵਰਕਰਾਂ ਦੀ ਗਿਣਤੀ ਵੀ ਘੱਟ ਰਹੀ। ਇਸ ਮੌਕੇ ਚੌਧਰੀ ਸੰਤੋਖ ਸਿੰਘ, ਜ਼ਿਲ੍ਹਾ ਪ੍ਰਧਾਨ ਬਲਕਾਰ ਬਲਰਾਜ ਠਾਕੁਰ ਨੇ ਕਿਹਾ ਕਿ ਕੇਂਦਰ ਸਰਕਾਰ ਕਾਂਗਰਸ ਦੇ ਆਗੂਆਂ ਨੂੰ ਬਦਨਾਮ ਤੇ ਪ੍ਰੇਸ਼ਾਨ ਕਰਨ ਲਈ ਇਹ ਸਭ ਕਰ ਰਹੀ ਹੈ ਤੇ ਭਾਜਪਾ ਸਰਕਾਰ ਈਡੀ ਦੀ ਗਲਤ ਢੰਗ ਨਾਲ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਗਾਂਧੀ ਪਰਿਵਾਰ ਨੇ ਅਜ਼ਾਦੀ ਤੋਂ ਪਹਿਲਾਂ ਤੇ ਬਾਅਦ ’ਚ ਵੀ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਾਰ ਮਨਣ ਵਾਲੀ ਨਹੀਂ ਤੇ ਇਸ ਦਾ ਡੱਟ ਕੇ ਵਿਰੋਧ ਕਰਨਗੇ। ਇਸ ਮੌਕੇ ਐਮਪੀ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਸੰਗਰੂਰ ਚੋਣਾਂ ਕਾਰਨ ਵਿਧਾਇਕ ਤੇ ਸਾਬਕਾ ਵਿਧਾਇਕ ਨਹੀਂ ਆ ਸਕੇ।