ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਫਰਵਰੀ
ਜ਼ਿਲੇ ਦੀਆ ਪੰਜ ਨਗਰ ਕੌਂਸਲਾਂ ਦੀਆਂ ਹੋਈਆਂ ਚੋਣਾਂ ਦੇ ਅੱਜ ਐਲਾਨੇ ਗਏ ਨਤੀਜੇ ਮੁਤਾਬਕ ਤਿੰਨ ਨਗਰ ਕੌਂਸਲਾ ਤੇ ਕਾਂਗਰਸ ਤੇ ਦੋ ਨਗਰ ਕੌਂਸਲਾਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜਾ ਹੋ ਗਿਆ ਹੈ। ਸ਼ਹਿਰ ਦੀ ਨਗਰ ਨਿਗਮ ਦੀ ਵਾਰਡ ਨੰਬਰ 37 ਦੀ ਉਪ ਚੋਣ ਵੀ ਕਾਂਗਰਸ ਨੇ ਜਿੱਤ ਲਈ ਹੈ। ਇਨ੍ਹਾਂ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਇਕ ਵੀ ਸੀਟ ਪ੍ਰਾਪਤ ਨਹੀਂ ਹੋਈ ਜਦੋਂਕਿ ਤਿੰਨ ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ।
ਅੱਜ ਐਲਾਨੇ ਗਏ ਨਤੀਜਿਆਂ ਮੁਤਾਬਕ ਰਮਦਾਸ, ਰਈਆ ਤੇ ਜੰਡਿਆਲਾ ਵਿੱਚ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ ਜਦੋਂਕਿ ਮਜੀਠਾ ਤੇ ਅਜਨਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਮਿਲੀ ਹੈ। ਰਮਦਾਸ ਨਗਰ ਕੌਂਸਲ ਵਿਚ ਕਾਂਗਰਸ ਨੂੰ ਅੱਠ ਤੇ ਸ਼੍ਰ੍ਰੋਮਣੀ ਅਕਾਲੀ ਦਲ ਨੂੰ 3 ਸੀਟਾਂ ਤੇ ਜਿੱਤ ਮਿਲੀ ਹੈ। ਮਜੀਠਾ ਵਿੱਚ ਕਾਂਗਰਸ ਨੂੰ ਸਿਰਫ ਦੋ ਸੀਟਾਂ ਹੀ ਮਿਲੀਆਂ ਹਨ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਦਸ ਸੀਟਾਂ ਪ੍ਰਾਪਤ ਕੀਤੀਆਂ ਹਨ । ਇਥੋਂ ਇਕ ਆਜ਼ਾਦ ਉਮੀਦਵਾਰ ਵੀ ਜਿੱਤਿਆ ਹੈ। ਅਜਨਾਲਾ ਵਿੱਚ ਕਾਂਗਰਸ ਨੂੰ ਸੱਤ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਠ ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਹੈ। ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਲਾਭ ਮਿਲਿਆ ਹੈ। ਜੰਡਿਆਲਾ ਵਿੱਚ ਕਾਂਗਰਸ ਨੂੰ 10 ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਿੰਨ ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਹੈ। ਇਥੋਂ ਦੋ ਆਜ਼ਾਦ ਉਮੀਦਵਾਰ ਵੀ ਜਿੱਤੇ ਹਨ। ਰਈਆ ਨਗਰ ਕੌਂਸਲ ’ਚ ਕਾਂਗਰਸ ਨੂੰ 12 ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਸੀਟ ’ਤੇ ਹੀ ਜਿੱਤ ਪ੍ਰਾਪਤ ਹੋਈ ਹੈ। ਕਿਸਾਨ ਸੰਘਰਸ਼ ਦੌਰਾਨ ਭਾਜਪਾ ਜਿਸ ਵੱਲੋਂ ਪਹਿਲਾਂ ਹੀ ਪੂਰੇ ਉਮੀਦਵਾਰ ਮੈਦਾਨ ’ਚ ਨਹੀਂ ਉਤਾਰੇ ਜਾ ਸਕੇ, ਨੂੰ ਇਕ ਵੀ ਸੀਟ ਤੋਂ ਜਿੱਤ ਪ੍ਰਾਪਤ ਨਹੀਂ ਹੋਈ। ਗਠਬੰਧਨ ਟੁੱਟਣ ਮਗਰੋਂ ਭਾਜਪਾ ਦੀ ਇਹ ਪਹਿਲੀ ਇਕਲਿਆਂ ਲੜੀ ਚੋਣ ਸੀ। ਆਮ ਆਦਮੀ ਪਾਰਟੀ ਵੀ ਇਸ ਖੇਤਰ ’ਚ ਆਪਣੇ ਪੈਰ ਜਮਾਉਣ ’ਚ ਮੁੜ ਅਸਫਲ ਰਹੀ ਹੈ। ਉਸਨੂੰ ਇਕ ਵੀ ਸੀਟ ਪ੍ਰਾਪਤ ਨਹੀਂ ਹੋਈ। ਸ਼ਹਿਰ ਦੀ ਨਗਰ ਨਿਗਮ ਦੀ ਵਾਰਡ ਨੰਬਰ 37 ’ਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਿਚਾਲੇ ਸਖਤ ਮੁਕਾਬਲਾ ਹੋਇਆ ਹੈ ਤੇ ਕਾਂਗਰਸ ਦਾ ਉਮੀਦਵਾਰ ਸਿਰਫ 130 ਵੋਟਾਂ ਦੇ ਫਰਕ ਨਾਲ ਜਿੱਤਿਆ ਹੈ।
ਪੱਟੀ ਵਿੱਚ ਭਾਜਪਾ ਨਾਲੋਂ ਵੱਧ ਵੋਟਾਂ ਨੋਟਾ ਨੂੰ ਮਿਲੀਆਂ
ਪੱਟੀ (ਪੱਤਰ ਪ੍ਰੇਰਕ) ਪੱਟੀ ਸ਼ਹਿਰ ਦੀਆਂ 19 ਵਾਰਡਾਂ ਵਿੱਚੋਂ 14 ਵਾਰਡਾ ਤੇ ਵੋਟ ਪ੍ਰਕਿਰਿਆ ਰਾਂਹੀ ਚੋਣ ਹੋਈ ਹੈ ਅਤੇ ਪੱਟੀ ਨਗਰ ਕੌਂਸਲ ਚੋਣਾਂ ਅੰਦਰ ਭਾਜਪਾ ਵੱਲੋਂ ਤਿੰਨ ਵਾਰਡਾਂ ਉਪਰ ਚੋਣ ਲੜੀ ਗਈ ਸੀ। ਸ਼ਹਿਰ ਦੀਆਂ 14 ਵਾਰਡਾਂ ਅੰਦਰ ਕੁੱਲ 22476 ਵੋਟਾਂ ਪੋਲ ਹੋਈਆ ਸਨ। ਸ਼ਹਿਰ ਦੇ ਤਿੰਨ ਵਾਰਡਾਂ ਅੰਦਰ ਚੋਣ ਲੜ ਰਹੇ ਭਾਜਪਾ ਉਮੀਦਵਾਰਾਂ ਨੂੰ 81 ਵੋਟਾਂ ਹੀ ਮਿਲੀਆਂ ਹਨ ਜਦੋਂਕਿ ਵੋਟਰਾਂ ਨੇ ਭਾਜਪਾ ਉਮੀਦਵਾਰਾਂ ਦੀਆਂ 81 ਵੋਟਾਂ ਨਾਲੋਂ ਵੱਧ 164 ਵੋਟਾਂ ਨੋਟਾ ਨੂੰ ਪਾਈਆਂ ਹਨ। ਇਸ ਤਰ੍ਹਾਂ ਕਾਂਗਰਸ ਨੂੰ 6749 ਅਕਾਲੀ ਦਲ ਨੂੰ 4304 ਆਪ ਨੂੰ 2726 ਬੀਸੈੱਸਪੀ 79 ਤੇ ਆਜ਼ਾਦ ਨੂੰ 7 ਵੋਟਾਂ ਮਿਲੀਆਂ ਹਨ।