ਪੱਤਰ ਪ੍ਰੇਰਕ
ਅੰਮ੍ਰਿਤਸਰ, 5 ਮਈ
ਸਕੂਲੀ ਸਿੱਖਿਆ ਵਿਭਾਗ ਵਲੋਂ ਪਿਛਲੇ ਸਮੇਂ ਦੌਰਾਨ 30 ਦਿਨ ਲਈ ਹੁੰਦੀਆਂ ਛੁੱਟੀਆਂ ਵਿੱਚ ਅਚਨਚੇਤ ਵਾਧਾ ਕਰਦਿਆਂ 15 ਮਈ ਤੋਂ 30 ਜੂਨ ਤਕ ਸਕੂਲਾਂ ਵਿੱਚ ਛੁੱਟੀਆਂ ਕਰਨ ਦੇ ਐਲਾਨ ਵਿਚਾਲੇ 16 ਤੋਂ 30 ਮਈ ਤਕ ਆਨਲਾਈਨ ਸਿੱਖਿਆ ਦੀ ਗ਼ੈਰਵਾਜਬ ਸ਼ਰਤ ਲਗਾਉਣ ਸਬੰਧੀ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਇਤਰਾਜ਼ ਜ਼ਾਹਿਰ ਕੀਤਾ ਹੈ। ਪ੍ਰਧਾਨ ਵਿਕਰਮ ਦੇਵ ਸਿੰਘ ਤੇ ਅਸ਼ਵਨੀ ਅਵਸਥੀ ਨੇ ਨਿੱਜੀਕਰਨ ਪੱਖੀ ਅਤੇ ਆਨਲਾਈਨ ਸਿੱਖਿਆ ਥੋਪਣ ਦੀ ਬਜਾਏ, ਸਕੂਲਾਂ ਵਿੱਚ ਲਗਾਤਾਰ ਬਿਜਲੀ ਸਪਲਾਈ ਤੇ ਜਨਰੇਟਰ ਦੀ ਸਹੂਲਤ ਦੇਣ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਦਰਪੇਸ਼ ਔਖਿਆਈ ਨੂੰ ਦੇਖਦਿਆਂ ਸਮੂਹ ਸਕੂਲਾਂ ਲਈ ਸਵੇਰ ਦਾ ਸਮਾਂ 8 ਵਜੇ ਹੀ ਰੱਖਣ ਦੀ ਮੰਗ ਕੀਤੀ ਹੈ। ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਅਤੇ ਨਾਨ ਟੀਚਿੰਗ ਦੀਆਂ ਖਾਲੀ 40 ਹਜ਼ਾਰ ਤੋਂ ਵਧੇਰੇ ਅਸਾਮੀਆਂ ਨੂੰ ਭਰਨ ਅਤੇ 60 ਫੀਸਦੀ ਪੈਂਡਿੰਗ ਕਿਤਾਬਾਂ ਫੌਰੀ ਸਕੂਲਾਂ ਤਕ ਪੁੱਜਦੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਪ੍ਰੰਤੂ ਇਸ ਪਾਸੇ ਯਤਨ ਕਰਨ ਦੀ ਥਾਂ ਹੋਰ ਸ਼ਰਤਾਂ ਲਾਈਆਂ ਜਾ ਰਹੀਆਂ ਹਨ।