ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਮਈ
ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਲਈ ਭਲਕੇ 8 ਮਈ ਨੂੰ ਹੋ ਰਹੀ ਚੋਣ ਵਿੱਚ ਸਿਰਫ ਅੰਮ੍ਰਿਤਧਾਰੀ ਮੈਂਬਰ ਹੀ ਵੋਟ ਪਾਉਣਗੇ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰਦਿਆਂ ਦੀਵਾਨ ਵੱਲੋਂ ਇਕ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ, ਜੋ ਵੋਟ ਪਾਉਣ ਵਾਲੇ ਹਰ ਮੈਂਬਰ ਦੀ ਅੰਮ੍ਰਿਤਧਾਰੀ ਹੋਣ ਸਬੰਧੀ ਜਾਂਚ ਕਰੇਗੀ
ਇਸ ਸਬੰਧੀ ਬੀਤੀ ਸ਼ਾਮ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਚੀਫ਼ ਖਾਲਸਾ ਦੀਵਾਨ ਦੇ ਪ੍ਰਬੰਧਕਾਂ ਅਤੇ ਰਿਟਰਨਿੰਗ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਸਨ ਕਿ ਦੀਵਾਨ ਦੇ ਸੰਵਿਧਾਨ ਮੁਤਾਬਕ ਇਸ ਚੋਣ ਵਿਚ ਸਿਰਫ ਅੰਮ੍ਰਿਤਧਾਰੀ ਮੈਂਬਰਾਂ ਨੂੰ ਹੀ ਵੋਟ ਪਾਉਣ ਦਾ ਹੱਕ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ ਨਰਿੰਦਰ ਸਿੰਘ ਖੁਰਾਣਾ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਤੋਂ ਆਏ ਦਿਸ਼ਾ ਨਿਰਦੇਸ਼ ਤਹਿਤ ਅੱਜ ਚੋਣ ਲੜ ਰਹੇ ਦੋਵਾਂ ਉਮੀਦਵਾਰਾਂ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਸਰਬਜੀਤ ਸਿੰਘ ਨੂੰ ਸੱਦਿਆ ਸੀ ਅਤੇ ਮੀਟਿੰਗ ਕੀਤੀ ਹੈ। ਦੋਵਾਂ ਦੀ ਸਹਿਮਤੀ ਨਾਲ ਅੰਮ੍ਰਿਤਧਾਰੀ ਵੋਟਰਾਂ ਦੀ ਜਾਂਚ ਕਰਨ ਵਾਸਤੇ ਇਕ ਤਿੰਨ ਮੈਂਬਰੀ ਸਕਰੀਨਿੰਗ ਕਮੇਟੀ ਬਣਾ ਦਿੱਤੀ ਹੈ, ਜਿਸ ਵਿਚ ਇਕ ਔਰਤ ਮੈਂਬਰ ਵੀ ਸ਼ਾਮਲ ਹੈ। ਵੋਟ ਪਾਉਣ ਲਈ ਆਉਣ ਵਾਲੇ ਮੈਂਬਰਾਂ ਦੀ ਇਹ ਕਮੇਟੀ ਜਾਂਚ ਕਰੇਗੀ ਅਤੇ ਉਨ੍ਹਾਂ ਨੂੰ ਵੋਟ ਪਾਉਣ ਲਈ ਐੱਨਓਸੀ ਦੇਵੇਗੀ, ਜਿਸ ਨੂੰ ਦੇਖਣ ਮਗਰੋਂ ਵੋਟਰ ਨੂੰ ਵੋਟ ਪਾਉਣ ਦਾ ਹੱਕ ਹੋਵੇਗਾ। ਇਸ ਸਬੰਧ ਵਿਚ ਵੋਟਾਂ ਸਵੇਰੇ ਚੀਫ ਖਾਲਸਾ ਦੀਵਾਨ ਦੇ ਮੁੱਖ ਦਫ਼ਤਰ ਵਿੱਚ ਗੁਰਦੁਆਰਾ ਕਲਗੀਧਰ ਵਿੱਚ ਪਾਈਆਂ ਜਾਣਗੀਆਂ। ਵੋਟਾਂ ਪਾਉਣ ਦਾ ਕੰਮ ਸਾਢੇ 11 ਵਜੇ ਸ਼ੁਰੂ ਹੋਵੇਗਾ, ਜੋ ਸ਼ਾਮ 4 ਵਜੇ ਤੱਕ ਚਲੇਗਾ। ਲਗਪਗ ਸਾਢੇ ਪੰਜ ਵਜੇ ਨਤੀਜੇ ਐਲਾਨੇ ਜਾਣਗੇ। ਇਹ ਮੁਕਾਬਲਾ ਮੌਜੂਦਾ ਕਾਰਜਕਾਰੀ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਸਰਬਜੀਤ ਸਿੰਘ ਵਿਚਾਲੇ ਸਿੱਧੇ ਤੌਰ ’ਤੇ ਹੈ। ਪ੍ਰਧਾਨ ਦਾ ਇਹ ਅਹੁਦਾ ਨਿਰਮਲ ਸਿੰਘ ਦੇ ਅਚਨਚੇਤੀ ਅਕਾਲ ਚਲਾਣਾ ਕਰ ਜਾਣ ਕਾਰਨ ਖਾਲੀ ਹੋਇਆ ਹੈ।