ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 1 ਨਵੰਬਰ
ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਦੇ ਕੁਲਪਤੀ ਡਾ. ਹਰਮੋਹਿੰਦਰ ਸਿੰਘ ਬੇਦੀ ਕਿਹਾ ਹੈ ਕਿ ਏਸ਼ੀਆ ਦੇ ਦੇਸ਼ਾਂ ਵਿੱਚ ਪਿਛਲੀ ਅੱਧੀ ਸਦੀ ਤੋਂ ਚੱਲ ਰਹੀਆਂ ਅਧਿਐਨ ਪ੍ਰਣਾਲੀਆਂ ਦੇ ਕੇਂਦਰ ਵਿੱਚ ਪੰਜਾਬ ਦੀ ਚਿੰਤਨ ਪਰੰਪਰਾ ਕਾਰਜਸ਼ੀਲ ਹੈ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿੱਚ ਪੰਜਾਬੀ ਸਪਤਾਹ ਦੇ ਸ਼ੁਰੂ ਹੋਏ ਸਮਾਗਮ ਮੌਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਉਨ੍ਹਾਂ ਕਿਹਾ ਕਿ ਪੰਜਾਬੀ ਸਪਤਾਹ ਮਨਾਉਣ ਦਾ ਭਾਵ ਹੈ ਕਿ ਪੰਜਾਬੀਆਂ ਨੂੰ ਜੋ ਵਿਰਸੇ ਵਿੱਚ ਅਮੀਰ ਪਰੰਪਰਾਵਾਂ ਮਿਲੀਆਂ ਹਨ, ਉਨ੍ਹਾਂ ਨੇ ਸਿਰਫ ਪੰਜਾਬੀ ਜਨ-ਜੀਵਨ ਨੂੰ ਹੀ ਨਹੀਂ ਉੱਚਾ ਚੁੱਕਿਆ ਸਗੋਂ ਪੂਰੇ ਵਿਸ਼ਵ ਨੂੰ ਵੀ ਆਪਣੇ ਕਲਾਵੇ ਵਿੱਚ ਲਿਆ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਮੀਰ ਵਿਰਸੇ ਨੂੰ ਦੁਬਾਰਾ ਆਧੁਨਿਕ ਤਕਨੀਕਾਂ ਨਾਲ ਖੋਜ ਕੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ। ਮੁੱਖ ਮਹਿਮਾਨ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਇੱਕ ਜੀਵੰਤ ਭਾਸ਼ਾ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਵਿੱਚ ਯੂਨੀਵਰਸਿਟੀ ਦੀ ਵਿਸ਼ੇਸ਼ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਆਨ-ਲਾਈਨ ਕੋਰਸਾਂ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਤੋਂ ਇਲਾਵਾ ਹੋਰ ਵੀ ਲੋਕਾਂ ਵੱਲੋਂ ਚੰਗਾ ਹੁੰਗਾਰਾ ਭਰਿਆ ਜਾ ਰਿਹਾ ਹੈ।ਪੰਜਾਬੀ ਅਧਿਐਨ ਸਕੂਲ ਦੇ ਮੁਖੀ ਅਤੇ ਐਸੋਸੀਏਟ ਪ੍ਰੋਫੈਸਰ ਡਾ. ਮਨਜਿੰਦਰ ਸਿੰਘ ਨੇ ਉਪ-ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦਾ ਸਮਾਗਮ ਦੇ ਕੁਸ਼ਲ ਪ੍ਰਬੰਧ ਵਿੱਚ ਕੀਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਇਸ ਸਮਾਗਮ ਦਾ ਸੰਚਾਲਨ ਪੰਜਾਬੀ ਅਧਿਐਨ ਸਕੂਲ ਦੇ ਅਸਿਸਟੈਂਟ ਪ੍ਰੋਫੈਸਰ ਡਾ. ਮੇਘਾ ਸਲਵਾਨ ਨੇ ਕੀਤਾ। ਡਾ. ਜੋਗਿੰਦਰ ਸਿੰਘ ਕੈਰੋਂ ਨੇ ਪੰਜਾਬੀ ਸਭਿਆਚਾਰ ਅਤੇ ਲੋਕਧਾਰਾ ਦਾ ਅਧਿਐਨ ਮਾਡਲ ਵਿਸ਼ੇ ਉੱਪਰ ਕਿਹਾ ਕਿ ਪ੍ਰਕਿਰਤੀ ਵਿਚਲੀਆਂ ਵਸਤਾਂ ਦਾ ਮਨੁੱਖੀ ਸਮਝ ਅਨੁਸਾਰ ਵਰਤੋਂ ਵਿਹਾਰ ਹੀ ਸਭਿਆਚਾਰ ਅਖਵਾਉਂਦਾ ਹੈ। ਉਨ੍ਹਾਂ ਲੋਕ ਕਹਾਣੀਆਂ ਦੇ ਅਧਿਐਨ ਲਈ ਗ੍ਰੇਮਾਸ ਦੇ ਅਕਤਾਂਸ਼ੀਅਲ ਮਾਡਲ ਨੂੰ ਮੂਲ ਆਧਾਰ ਵਜੋਂ ਪ੍ਰਸਤੁਤ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੀਆਂ ਪ੍ਰਮੁੱਖ ਵਿਧੀਆਂ ਅਤੇ ਵਿਧਾਵਾਂ ਨੂੰ ਨਵੇਂ ਦ੍ਰਿਸ਼ਟੀਕੋਣਾਂ ਤੋਂ ਵੇਖੇ ਜਾਣ ’ਤੇ ਇਹ ਪਤਾ ਲੱਗਦਾ ਹੈ ਕਿ ਪੰਜਾਬੀ ਸਭਿਆਚਾਰ ਅਤੇ ਲੋਕ ਧਾਰਾਵਾਂ ਦਾ ਇੱਕ ਆਪਣਾ ਇਤਿਹਾਸ ਹੈ।