ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਅਕਤੂਬਰ
ਦੇਸ਼ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਅੱਜ ਇਥੇ ਨਹਿਰੂ ਯੁਵਾ ਕੇਂਦਰ ਵੱਲੋਂ ਚਲਾਏ ਜਾ ਰਹੇ ਸਵੱਛ ਭਾਰਤ ਮੁਹਿੰਮ ਦੀ ਸਮਾਪਤੀ ਸਮਾਰੋਹ ਕੀਤਾ ਗਿਆ ਹੈ। ਜਿਸ ਤਹਿਤ ਸਥਾਨਕ ਕੰਪਨੀ ਬਾਗ ਵਿਚ ਕੇਂਦਰ ਦੇ ਵਾਲੰਟੀਅਰਾਂ ਨੇ ਪਲਾਸਟਿਕ ਦਾ ਕੂੜਾ ਕਰਕਟ ਇਕੱਠਾ ਕੀਤਾ।
ਇਹ ਸਮਾਗਮ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਿੱਤੀ ਮਾਮਲਿਆਂ ਦੇ ਡਾਇਰੈਕਟਰ ਸ੍ਰੀ ਦਯਾਨੰਦ ਨੇ ਸ਼ਮੂਲੀਅਤ ਕੀਤੀ। ਜਦੋਂਕਿ ਨਹਿਰੂ ਯੁਵਾ ਕੇਂਦਰ ਦੇ ਸਟੇਟ ਡਾਇਰੈਕਟਰ ਬਿਕਰਮ ਸਿੰਘ ਗਿੱਲ ਤੇ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਗਿਆ ਅਤੇ ਨਹਿਰੂ ਯੁਵਾ ਕੇਂਦਰ ਦੇ ਯੁਵਾ ਵਾਲੰਟੀਅਰਾਂ ਨੇ ਰਾਸ਼ਟਰੀ ਏਕਤਾ ਦੀ ਸਹੁੰ ਚੁੱਕੀ। ਇਸ ਮੌਕੇ ਵੱਖ-ਵੱਖ ਨਹਿਰੂ ਯੁਵਾ ਕੇਂਦਰਾਂ ਦੇ ਵਲੰਟੀਅਰਾਂ ਨੂੰ ਚੰਗੀ ਕਾਰਗੁਜਾਰੀ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਕੇਂਦਰ ਦੇ ਸਟੇਟ ਡਾਇਰੈਕਟਰ ਸ੍ਰੀ ਗਿੱਲ ਨੇ ਸਵੱਛ ਭਾਰਤ ਮੁਹਿੰਮ ਅਤੇ ਇਸ ਦੌਰਾਨ ਵਲੰਟੀਅਰਾਂ ਵਲੋਂ ਕੀਤੇ ਕੰਮ ਬਾਰੇ ਜਾਣਕਾਰੀ ਦਿੱਤੀ।
ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਨੇ ਇਕੱਠੇ ਹੋ ਕੇ ਕੰਪਨੀ ਬਾਗ ਵਿਚੋਂ ਪਲਾਸਟਿਕ ਦਾ ਕੂੜਾ ਕਰਕਟ ਇਕੱਠਾ ਕੀਤਾ। ਉਨ੍ਹਾਂ ਲਗਪਗ ਦੋ ਕੁਵਿੰਟਲ ਪਲਾਸਟਿਕ ਦਾ ਕੂੜਾ ਕਰਕਟ ਇਸ ਇਤਿਹਾਸਕ ਬਾਗ ਵਿੱਚੋਂ ਇਕੱਠਾ ਕੀਤਾ। ਇਸ ਮੌਕੇ ਰਾਸ਼ਟਰੀ ਏਕਤਾ ਦਿਵਸ ਦੇ ਸਬੰਧ ਵਿਚ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਸਮਾਗਮ ਵਿਚ ਪੀਐੱਨਬੀ ਰਸ਼ਪਾਲ ਸਿੰਘ, ਰਜੀਵ ਮਦਾਨ ਤੇ ਹੋਰ ਪਤਵੰਤੇ ਹਾਜ਼ਰ ਸਨ।