ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਅਗਸਤ
ਪੰਜਾਬ ਵਿੱਚ ਨਹਿਰੀ ਪਾਣੀ ਨੂੰ ਪੀਣਯੋਗ ਬਣਾਉਣ ਲਈ 15 ਪ੍ਰਾਜੈਕਟਾਂ ਦਾ ਕੰਮ ਚੱਲ ਰਿਹਾ ਹੈ ਜਿਸ ਨੂੰ ਛੇਤੀ ਪੂਰਾ ਕੀਤਾ ਜਾਵੇਗਾ। ਇਹ ਖੁਲਾਸਾ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ। ਉਨ੍ਹਾਂ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੱਜੂਪੁਰਾ ਵਿੱਚ ਬਣ ਰਹੇ ਨਹਿਰੀ ਪਾਣੀ ਪ੍ਰਾਜੈਕਟ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਟਿਆਲਾ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਲਗਭਗ 1700 ਪਿੰਡਾਂ ਨੂੰ ਇਨ੍ਹਾਂ ਪ੍ਰਾਜੈਕਟਾਂ ਰਾਹੀਂ ਪੀਣਯੋਗ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿੱਚ ਪਾਣੀ ਦੀ ਗੁਣਵੱਤਾ ਸੁਧਾਰਨ ਲਈ 1100 ਕਰੋੜ ਰੁਪਏ ਦੇ ਕੰਮ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ 378 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਨਹਿਰੀ ਪਾਣੀ ਅਧਾਰਿਤ ਜਲ ਯੋਜਨਾਵਾਂ ਉੱਤੇ ਕੰਮ ਚੱਲ ਰਿਹਾ ਹੈ ਜਿਸ ਨਾਲ ਜ਼ਿਲ੍ਹੇ ਦੇ 369 ਪਿੰਡਾਂ ਨੂੰ ਸ਼ੁੱਧ ਪਾਣੀ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਕੰਪਨੀਆਂ ਜੋ ਇਹ ਕੰਮ ਕਰ ਰਹੀਆਂ ਹਨ, ਨੂੰ ਪਾਣੀ ਦੀ ਸਪਲਾਈ ਲਈ 10 ਸਾਲ ਦਾ ਕੰਮ ਵੀ ਦਿੱਤਾ ਗਿਆ ਹੈ ਜਿਸ ਨਾਲ ਪਾਣੀ ਦੀ ਸਪਲਾਈ ਵਿੱਚ ਵਿਘਨ ਨਹੀਂ ਪਵੇਗਾ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਪੀਣਯੋਗ ਪਾਣੀ ਸਾਫ ਅਤੇ ਚੰਗੀ ਕੁਆਲਿਟੀ ਦਾ ਹੋਵੇ ਅਤੇ ਪਾਣੀ ਦੀਆਂ ਟੈਂਕੀਆਂ ਦੀ ਸਮੇਂ ਸਿਰ ਸਫਾਈ ਕੀਤੀ ਜਾਵੇ। ਪਾਣੀ ਦੀ ਸੈਂਪਲਿੰਗ ਅਤੇ ਟੈਸਟਿੰਗ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਦੇ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਪੀਣਯੋਗ ਨਹੀਂ ਹੈ, ਉੱਥੇ ਤੁਰੰਤ ਆਰ.ਓ ਲਗਾਏ ਜਾਣ।
ਇਸ ਤੋਂ ਪਹਿਲਾਂ ਉਨ੍ਹਾਂ ਅੰਮ੍ਰਿਤਸਰ ਵਿੱਚ ਰਿਜਨਲ ਵਾਟਰ ਟੈਸਟਿੰਗ ਲੈਬਾਰਟਰੀ ਦੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਕ ਰਾਜਪੱਧਰੀ, ਛੇ ਰਿਜਨਲ, 17 ਜ਼ਿਲ੍ਹਾ ਪੱਧਰੀ ਅਤੇ 7 ਬਲਾਕ ਪੱਧਰ ਉੱਤੇ ਲੈਬਾਟਰੀਆਂ ਕੰਮ ਕਰ ਰਹੀਆਂ ਹਨ, ਜੋ ਪਾਣੀ ਦੀ ਸ਼ੁੱਧਤਾ ਦੀ ਪਰਖ ਕਰਦੀਆਂ ਹਨ।
ਇਸ ਮੌਕੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਸਮੇਤ ਵਿਧਾਇਕ ਡਾ. ਜੀਵਨਜੋਤ ਕੌਰ, ਵਿਭਾਗ ਦੇ ਇੰਜਨੀਅਰ ਕੇ.ਐੱਸ. ਸੈਣੀ, ਸਤਨਾਮ ਸੋਖੀ, ਸੀਮਾ ਸੋਢੀ, ਡਾ. ਇੰਦਰਪਾਲ, ਹਰਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ।