ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਨਵੰਬਰ
ਸਥਾਨਕ ਕੇਂਦਰੀ ਜੇਲ੍ਹ ਦੇ ਅੰਦਰੋਂ ਪ੍ਰਾਪਤ ਹੋਏ ਦੋ ਪੈਕੇਟਾਂ ਵਿੱਚੋਂ ਦਸ ਬੰਡਲ ਸਿਗਰਟਾਂ ਦੇ ਮਿਲੇ ਹਨ। ਇਹ ਪੈਕੇਟ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਾਹਰੋਂ ਜੇਲ ਅੰਦਰ ਸੁੱਟੇ ਗਏ ਸਨ। ਇਸ ਦੌਰਾਨ ਜੇਲ੍ਹ ਵਿੱਚ ਦੋ ਔਰਤ ਕੈਦੀਆਂ ਵਿਚਾਲੇ ਝਗੜਾ ਹੋਇਆ ਹੈ ਅਤੇ ਦੋਵਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਨੇ ਪੁਲੀਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ੍ਹ ਵਿੱਚ ਗਸ਼ਤ ਦੌਰਾਨ ਨਿਗਰਾਨ ਟਾਵਰ ਨੰਬਰ ਦੋ ਕੋਲੋਂ ਦੋ ਪੈਕੇਟ ਬਰਾਮਦ ਹੋਏ ਹਨ, ਜਿਸ ਨੂੰ ਟੇਪ ਆਦਿ ਲਾ ਕੇ ਬੰਦ ਕੀਤਾ ਹੋਇਆ ਸੀ। ਇਹ ਪੈਕੇਟ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਜੇਲ੍ਹ ਅੰਦਰ ਸੁੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਪੈਕੇਟ ਖੋਲ੍ਹਣ ਮਗਰੋਂ ਇਸ ਵਿੱਚੋਂ ਸਿਗਰਟਾਂ ਦੇ ਦਸ ਬੰਡਲ ਬਰਾਮਦ ਹੋਏ ਹਨ। ਪੁਲੀਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਪ੍ਰੀਜਨ ਐਕਟ ਦੀ ਧਾਰਾ 42 ਹੇਠ ਕੇਸ ਦਰਜ ਕੀਤਾ ਹੈ। ਇਸ ਦੌਰਾਨ ਜੇਲ ਵਿਚ ਬੰਦ ਦੋ ਔਰਤ ਕੈਦੀਆਂ ਨੂੰ ਆਪਸ ਵਿਚ ਝਗੜਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ। ਜਿਨਾਂ ਦੀ ਸ਼ਨਾਖਤ ਦਲਜੀਤ ਕੌਰ ਅਤੇ ਜਸਬੀਰ ਕੌਰ ਵਜੋਂ ਹੋਈ ਹੈ। ਇਨਾਂ ਖਿਲਾਫ ਪ੍ਰੀਜਨ ਐਕਟ ਦੀ ਧਾਰਾ 52 ਹੇਠ ਕੇਸ ਦਰਜ ਕੀਤਾ ਹੈ।