ਪੱਤਰ ਪ੍ਰੇਰਕ
ਅੰਮ੍ਰਿਤਸਰ, 25 ਦਸੰਬਰ
ਡਾਇਓਸਿਸ ਆਫ ਅੰਮ੍ਰਿਤਸਰ, ਚਰਚ ਆਫ ਨਾਰਥ ਇੰਡੀਆ ਦੀ ਸਾਲ 2022 ਵਿੱਚ ਅੰਤਰ-ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਪਹਿਲਕਦਮੀਆਂ ਨੂੰ ਹੋਰ ਤੇਜ਼ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਬਿਸ਼ਪ ਡਾ. ਪੀ.ਕੇ. ਸਾਮੰਤਾਰਾਏ ਨੇ ਅੰਮ੍ਰਿਤਸਰ ਦੇ ਮਸੀਹੀਆਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਨਾਲੋਂ ਵੀ ਵੱਧ ਉਤਸ਼ਾਹ ਨਾਲ ਇਨ੍ਹਾਂ ਸਰਗਰਮੀਆਂ ਵਿੱਚ ਹਿੱਸਾ ਲੈਣ। ਕ੍ਰਿਸਮਸ ਦੀਆਂ ਪ੍ਰਾਰਥਨਾ ਸਭਾਵਾਂ ਵਿਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੇਵਲ ਉਨ੍ਹਾਂ ਦਾ ਨੈਤਿਕ ਅਤੇ ਧਾਰਮਿਕ ਫਰਜ਼ ਹੀ ਨਹੀਂ, ਸਗੋਂ ਪ੍ਰਮਾਤਮਾ ਦਾ ਹੁਕਮ ਅਤੇ ਇੱਛਾ ਵੀ ਹੈ, ਜਿਸ ਨੂੰ ਹਰ ਮਸੀਹੀ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਕ੍ਰਿਸਮਸ ਮਹਾਂਮਾਰੀ ਦੇ ਕਾਰਨ ਵਿਸ਼ੇਸ਼ ਹੈ, ਜਿਸ ਨੇ ਲੋੜਵੰਦਾਂ ਦੀ ਸੇਵਾ ਕਰਨ ਦੇ ਅਣਗਿਣਤ ਮੌਕੇ ਪੈਦਾ ਕੀਤੇ ਹਨ। ਇਹ ਸਮਾਂ ਉਸ ਯੁੱਗ ਵਰਗਾ ਹੈ, ਜਿਸ ਵਿੱਚ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਸੀ। ਚਰਚ ਨੂੰ ਜਾਂਚ ਕਰਕੇ ਇਹ ਅੰਦਾਜ਼ਾ ਲਾਉਣਾ ਪਵੇਗਾ ਕਿ ਉਹ ਜਨਤਾ ਦੇ ਜੀਵਨ ਵਿਚ ਕਿਸ ਤਰ੍ਹਾਂ ਵੱਧ ਤੋਂ ਵੱਧ ਯੋਗਦਾਨ ਪਾ ਸਕਦਾ ਹੈ। ਕ੍ਰਿਸਮਸ ਦੀ ਪੂਰਵ ਸੰਧਿਆ ’ਤੇ ਸੇਂਟ ਪੌਲ ਚਰਚ ਦੇ ਬਾਹਰਕੈਂਡਲ ਜਲੂਸ ਕੱਢਿਆ ਗਿਆ ਅਤੇ ਸਾਰੇ ਚਰਚਾਂ ਵਿੱਚ ਪ੍ਰਾਰਥਨਾ ਸਭਾਵਾਂ ਵੀ ਕੀਤੀਆਂ ਗਈਆਂ ਸਨ।
ਜਲੰਧਰ ਦੇ ਗਿਰਜਾਂਘਰਾਂ ਵਿੱਚ ਰੌਣਕਾਂ ਲੱਗੀਆਂ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕ੍ਰਿਸਮਸ ਦੇ ਪਵਿੱਤਰ ਤਿਓਹਾਰ ਮੌਕੇ ਗਿਰਜਾ ਘਰਾਂ ਵਿਚ ਰੌਣਕਾਂ ਲੱਗੀਆਂ ਰਹੀਆਂ। ਬਿਸ਼ਪ ਹਾਊਸ ਜਲੰਧਰ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਛੋਟੇ ਬੱਚੇ ਸ਼ਾਂਤਾ ਕਲਾਜ਼ ਦੇ ਕੱਪੜੇ ਪਾ ਕੇ ਚਰਚ ਵਿੱਚ ਜਾ ਰਹੇ ਸਨ। ਉਨ੍ਹਾਂ ਦੇ ਮਾਪੇ ਵੀ ਸਜ-ਧਜ ਕੇ ਪ੍ਰਭੂ ਯਿਸੂ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਸਨ। ਸ਼ਹਿਰ ਵਿਚਲੇ ਪੁਰਾਣੇ ਗਿਰਜਾ ਘਰਾਂ ਵਿਚ ਵੀ ਦੀਪਮਾਲਾ ਕੀਤੀ ਗਈ ਸੀ ਤੇ ਇਸਾਈ ਭਾਈਚਾਰੇ ਦੇ ਲੋਕ ਇਥੇ ਹੋਣ ਵਾਲੀਆਂ ਪ੍ਰਾਰਥਨਾ ਵਿਚ ਸ਼ਾਮਲ ਹੋਣ ਲਈ ਪਹੁੰਚ ਰਹੇ ਸਨ। ਛਾਉਣੀ ਦੇ ਨਾਲ ਲਗਦੇ ਕਈ ਪਿੰਡਾਂ ਵਿਚ ਵੀ ਪ੍ਰਭੂ ਯਿਸੂ ਦਾ ਜਨਮ ਦਿਹਾੜਾ ਮਨਾਇਆ ਗਿਆ। ਜਲੰਧਰ ਛਾਉਣੀ ਇਲਾਕੇ ਦੇ ਵਿੱਚ ਦੀਪਮਾਲਾ ਦੀ ਚਕਾਚੌਂਧ ਦੇਖਣ ਵਾਲੀ ਸੀ। ਇਲਾਕਾ ਰੋਸ਼ਨੀਆਂ ਨਾਲ ਜਗਮਗਾ ਕਰ ਰਿਹਾ ਸੀ।ਸ਼ਾਮ ਨੂੰ ਜਲੰਧਰ ਦੇ ਗਿਰਜਾਂਘਰਾਂ ਵਿੱਚ ਮੋਮਬੱਤੀਆਂ ਬਾਲੀਆਂ ਗਈਆਂ। ਕਰੋਨਾਂ ਪਾਬੰਦੀਆਂ ਦਾ ਕੋਈ ਅਸਰ ਦੇਖਣ ਨੂੰ ਮਿਲਿਆ।