ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਵੱਲੋਂ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਜਾ ਰਹੇ ਹਨ ਪਰ ਕੀ ਇਹ ਵਾਅਦੇ ਪੂਰੇ ਹੋਣਗੇ, ਇਹ ਗੱਲ ਸਰਕਾਰ ’ਤੇ ਸਵਾਲੀਆ ਚਿੰਨ੍ਹ ਲਾ ਰਹੇ ਹਨ। ਇਸ ਦੀ ਇੱਕ ਮਿਸਾਲ ਇੱਥੇ ਬੀਬੀ ਕੁਲਦੀਪ ਕੌਰ ਹੈ। ਉਹ ਕਰੋਨਾ ਕਾਲ ਤੋਂ ਬਾਅਦ ਫਾਰਗ ਕੀਤੇ 176 ਦਰਜਾ ਚਾਰ ਸਿਹਤ ਕਰਮਚਾਰੀਆਂ ਵਿੱਚ ਸ਼ਾਮਲ ਹੈ, ਜੋ ਪਿਛਲੇ ਕਈ ਦਿਨਾਂ ਤੋਂ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਦੇ ਘਰ ਦੇ ਬਾਹਰ ਦਿਨ-ਰਾਤ ਦਾ ਪੱਕਾ ਧਰਨਾ ਲਾ ਕੇ ਬੈਠੇ ਹੋਏ ਹਨ। ਇਹ ਫਾਰਗ ਕਰਮਚਾਰੀ ਇੱਥੇ ਹੀ ਨਿਰੰਤਰ ਰੋਸ ਵਿਖਾਵਾ ਕਰ ਰਹੇ ਹਨ। ਇਨ੍ਹਾਂ ਦਰਜਾ ਚਾਰ ਕਰਮਚਾਰੀਆਂ ਨੂੰ ਕਰੋਨਾ ਕਾਲ ਵੇਲੇ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਵਾਲੀਆਂ ਵਾਰਡਾਂ ਦੀ ਸਫ਼ਾਈ ਤੇ ਹੋਰ ਕੰਮਾਂ ਲਈ ਰੱਖਿਆ ਗਿਆ ਸੀ।
ਬੀਤੀ 6 ਦਸੰਬਰ ਨੂੰ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਥੇ ਦੋ ਦਿਨਾ ਦੌਰੇ ’ਤੇ ਆਏ ਸਨ ਤਾਂ ਜੌੜਾ ਫਾਟਕ ਨੇੜੇ ਰੇਲਵੇ ਪੁਲ ਦਾ ਜਾਇਜ਼ਾ ਲੈਣ ਵੇਲੇ ਇਹ ਪ੍ਰਦਰਸ਼ਨਕਾਰੀ ਕਰਮਚਾਰੀ ਉਨ੍ਹਾਂ ਨੂੰ ਮਿਲੇ ਸਨ। ਕੁਲਦੀਪ ਕੌਰ ਵੀ ਇਨ੍ਹਾਂ ’ਚੋਂ ਇੱਕ ਸੀ, ਜਿਸਦੇ ਸਿਰ ’ਤੇ ਮੁੱਖ ਮੰਤਰੀ ਨੇ ਹੱਥ ਰੱਖਦਿਆਂ ਉਸਨੂੰ ਆਪਣੀ ਭੈਣ ਕਿਹਾ ਸੀ। ਮੁੱਖ ਮੰਤਰੀ ਵੱਲੋਂ ਇਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦਾ ਕੰਮ ਹੋ ਚੁੱਕਾ ਹੈ। ਕੁਲਦੀਪ ਕੌਰ ਦਾ ਕਹਿਣਾ ਕਿ ਕੀ ਉਸਦਾ ਭਰਾ (ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ) ਭੈਣ ਨਾਲ ਕੀਤਾ ਵਾਅਦਾ ਭੁੱਲ ਗਿਆ ਹੈ? ਉਸਨੇ ਕਿਹਾ ਕਿ ਲੋਕ ਉਸਨੂੰ ‘ਚੰਨੀ ਦੀ ਭੈਣ’ ਕਹਿ ਕੇ ਵਿਅੰਗ ਕਰਦੇ ਹਨ। ਉਸਨੇ ਦੱਸਿਆ ਕਿ ਮੁੱਖ ਮੰਤਰੀ ਨੇ ਮੀਡੀਆ ਦੇ ਸਾਹਮਣੇ ਉਸਦੇ ਸਿਰ ’ਤੇ ਹੱਥ ਰੱਖ ਕੇ ਭੈਣ ਆਖਿਆ ਸੀ ਅਤੇ ਭਰੋਸਾ ਦਿੱਤਾ ਸੀ ਕਿ ਉਸਦਾ ਕੰਮ ਹੋ ਗਿਆ ਹੈ। ਉਸਨੇ ਕਿਹਾ ਕਿ ਹੁਣ ਇਕ ਹਫ਼ਤਾ ਬੀਤ ਚੁੱਕਾ ਹੈ ਪਰ ਅਜੇ ਤੱਕ ਭਰਾ ਵੱਲੋਂ ਭੈਣ ਨਾਲ ਕੀਤਾ ਵਾਅਦਾ ਵਫ਼ਾ ਨਹੀਂ ਹੋਇਆ।
ਉਸ ਨੇ ਦੱਸਿਆ ਕਿ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੂੰ ਵੀ ਮਿਲੇ ਸਨ, ਜਿਨ੍ਹਾਂ ਅਧੀਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਆਉਂਦਾ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਫਾਰਗ ਕੀਤੇ ਕਰਮਚਾਰੀਆਂ ਦੀ ਮੰਗ ਪੂਰੀ ਹੋ ਗਈ ਹੈ, ਪਰ ਉਹ ਅਗਲੇ ਦਿਨ ਜਦੋਂ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਨੌਕਰੀ ਨੂੰ ਬਰਕਰਾਰ ਰੱਖਣ ਸਬੰਧੀ ਕੋਈ ਆਦੇਸ਼ ਨਹੀਂ ਆਏ ਹਨ।
ਉਸ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਭਾਵੇਂ ਲੋਕ ਉਸਨੂੰ ਐਲਾਨਜੀਤ ਆਖ ਰਹੇ ਹਨ ਪਰ ਉਸ ਨੂੰ ਵਿਸ਼ਵਾਸ ਹੈ ਕਿ ਉਸ ਦਾ ਭਰਾ ਐਲਾਨਜੀਤ ਸਾਬਤ ਨਹੀਂ ਹੋਵੇਗਾ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਜੇਕਰ ਮੰਗ ਪੂਰੀ ਨਾ ਹੋਈ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਸਬਕ ਸਿਖਾਉਣਗੇ।