ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਜੁਲਾਈ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਅਤੇ ਸਾਬਕਾ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਦੋਸ਼ ਲਾਇਆ ਕਿ ਦੇਸ਼ ਵਿਚ ਦਲਿਤਾਂ ’ਤੇ ਹੋ ਰਹੇ ਤਸ਼ੱਦਦ ਦਾ ਮਸਲਾ ਗੰਭੀਰ ਬਣਦਾ ਜਾ ਰਿਹਾ ਹੈ। ਉਹ ਇਸ ਸਬੰਧ ਵਿਚ ਰਾਜ ਸਭਾ ਵਿਚ ਆਵਾਜ਼ ਬੁਲੰਦ ਕਰਨਗੇ। ਇਸ ਸਬੰਧੀ ਜਾਰੀ ਇਕ ਸਾਂਝੇ ਬਿਆਨ ਵਿਚ ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਯੂਪੀ ਵਿਚ ਦਲਿਤਾਂ, ਔਰਤਾਂ ਤੇ ਪੱਛੜੇ ਵਰਗ ’ਤੇ ਵਧੀਕੀਆਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਹਾਲ ਹੀ ਵਿਚ ਸੋਸ਼ਲ ਮੀਡੀਆ ’ਤੇ ਇਕ ਵੀਡਿਓ ਵਾਇਰਲ ਹੋਈ ਹੈ, ਜਿਸ ਵਿਚ ਔਰਤ ਵੱਲੋਂ ਦੋਸ਼ ਲਾਏ ਗਏ ਹਨ ਕਿ ਕਿਵੇਂ ਪੁਲੀਸ ਦੇ ਉੱਚ ਜਾਤੀ ਦੇ ਲੋਕ ਪੱਛੜੇ ਵਰਗਾਂ ’ਤੇ ਕਹਿਰ ਢਾਹ ਰਹੇ ਹਨ। ਉਨ੍ਹਾਂ ਕਿਹਾ ਇਸ ਵੀਡੀਓ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਪੀੜਤ ਔਰਤ ਨੂੰ ਇਨਸਾਫ ਮਿਲ ਸਕੇ। ਉਨ੍ਹਾਂ ਕਿਹਾ ਕਿ ਕੁਝ ਸੂਬਿਆਂ ਵਿਚ ਔਰਤ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਜਾ ਰਿਹਾ।