ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 15 ਅਕਤੂਬਰ
ਮਨੁੱਖੀ ਅਧਿਕਾਰ ਸੰਸਥਾ ਦੀ ਪੰਜਾਬ ਵਿਚਲੀਆਂ ਇਕਾਈਆਂ ਦੀ ਮੀਟਿੰਗ ਦੌਰਾਨ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਬੰਧੀ 21 ਅਕਤੂਬਰ ਨੂੰ ਅੰਮ੍ਰਿਤਸਰ ’ਚ ਬੰਦੀ ਛੋੜ ਮੋਮਬੱਤੀ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਮਗਰੋਂ ਜਥੇਬੰਦੀ ਦੀ ਆਗੂ ਜਸਵਿੰਦਰ ਕੌਰ ਸੋਹਲ ਨੇ ਇੱਕ ਪੱਤਰਕਾਰ ਮਿਲਣੀ ਵੇਲੇ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸਘੰਰਸ਼ ਨੂੰ ਹੋਰ ਅੱਗੇ ਲਿਜਾਣ ਅਤੇ ਇਸ ਦਾ ਦਾਇਰਾ ਵਿਸ਼ਾਲ ਕਰਨ ਲਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲੇ ਲਏ ਗਏ ਹਨ। ਇਸੇ ਤਹਿਤ ਅੰਮ੍ਰਿਤਸਰ ਵਿੱਚ 21 ਅਕਤੂਬਰ ਨੂੰ ਬੰਦੀ ਛੋੜ ਦਿਵਸ ਨੂੰ ਸਮਰਪਿਤ ਪੰਜਾਬ ਪੱਧਰੀ ‘ਬੰਦੀ ਛੋੜ ਮੋਮਬੱਤੀ ਮਾਰਚ’ ਕੀਤਾ ਜਾਵੇਗਾ, ਜਿਸ ਵਿਚ ਬੰਦੀ ਸਿੰਘਾਂ ਦੇ ਪਰਿਵਾਰ ਅਤੇ ਸੰਸਥਾਵਾਂ ਦੀ ਸ਼ਮੂਲੀਅਤ ਹੋਵੇਗੀ। ਇਹ ਮਾਰਚ ਹੈਰੀਟੇਜ ਸਟਰੀਟ ’ਚ ਭਰਾਵਾਂ ਦੇ ਢਾਬੇ ਤੋਂ ਚੱਲ ਕੇ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਮਗਰੋਂ ਸਮਾਪਤ ਹੋਵੇਗਾ।