ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 29 ਸਤੰਬਰ
‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਅਧੀਨ ਨਗਰ ਨਿਗਮ ਤੇ ਯੂਐੱਨਡੀਪੀ ਵਲੋਂ ‘ਪਲਾਸਟਿਕ ਮੁਕਤ ਅੰਮ੍ਰਿਤਸਰ’ ਮੁਹਿੰਮ ਦੀ ਸ਼ੁਰੂਆਤ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੀਤੀ ਗਈ।ਇਸ ਮੁਹਿੰਮ ਤਹਿਤ ਸ਼ਹਿਰ ਵਾਸੀਆਂ ਨੂੰ ‘ਪਲਾਸਟਿਕ ਲਿਆਓ ਤੇ ਤੋਹਫੇ ਲੈ ਕੇ ਜਾਉ’ ਦਾ ਸੱਦਾ ਦਿੱਤਾ ਗਿਆ ਹੈ।ਜੋ ਲੋਕ ਪਲਾਸਟਿਕ ਦਾ ਸਾਮਾਨ ਇਸ ਬੂਥ ’ਤੇ ਦੇਣਗੇ ਉਨ੍ਹਾਂ ਨੂੰ ਸਨਮਾਨ ਵਜੋਂ ਤੋਹਫਾ ਦਿੱਤਾ ਜਾਵੇਗਾ। ਮੇਅਰ ਰਿੰਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੰਮ੍ਰਿਤਸਰ ਨੂੰ ਸਾਫ ਸੁਥਰਾ ਤੇ ਵਿਕਸਿਤ ਸ਼ਹਿਰ ਬਣਾਉਣ ਲਈ ਹਰ ਲੋੜੀਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਵਾਤਾਵਰਣ ਲਈ ਸਭ ਤੋਂ ਵੱਡਾ ਖਤਰਾ ਬਣ ਰਹੀ ਪਲਾਸਟਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਤੇ ਯੂਐੱਨਡੀਪੀ ਵੱਲੋਂ ਇਹ ਮੁਹਿੰਮ ਆਰੰਭੀ ਗਈ ਹੈ। ਉਨ੍ਹਾਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸ਼ਹਿਰੀਆਂ ਕੋਲੋਂ ਸਹਿਯੋਗ ਦੀ ਮੰਗ ਕੀਤੀ। ਮੇਅਰ ਨੇ ਕਿਹਾ ਕਿ ਸ਼ਹਿਰ ਵਾਸੀ ਬਾਜ਼ਾਰ ਖਰੀਦਦਾਰੀ ਕਰਨ ਸਮੇਂ ਜੂਟ (ਪਟਸਨ) ਜਾਂ ਕਪੜੇ ਦੇ ਝੋਲੇ ਦੀ ਵਰਤੋਂ ਕਰਨ ਤਾਂ ਜੋ ਪਲਾਸਟਿਕ ਲਿਫਾਫਿਆਂ ਦੀ ਲੋੜ ਨੂੰ ਮੁਢੋਂ ਹੀ ਖਤਮ ਕੀਤਾ ਜਾ ਸਕੇ। ਇਸ ਮੌਕੇ ਡਾ. ਯੋਗੇਸ਼ ਸ਼ਰਮਾ, ਨਿਗਰਾਨ ਇੰਜਨੀਅਰ ਸੰਦੀਪ ਸਿੰਘ, ਚੀਫ ਸੈਨਟਰੀ ਇੰਸਪੈਕਟਰ ਮਲਕੀਤ ਸਿੰਘ ਖਹਿਰਾ, ਜੇਈ ਰਮਨ ਕੁਮਾਰ, ਅਰੁਣ ਕੁਮਾਰ ਪ੍ਰਾਜੈਕਟ ਮੈਨੇਜਰ ਫਿਨਿਸ਼ ਸੁਸਾਇਟੀ, ਮਨਪ੍ਰੀਤ ਸਿੰਘ ਜੱਸੀ ਹਾਜ਼ਰ ਸਨ।