ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਅਪਰੈਲ
ਸਰਹੱਦੀ ਸੁਰੱਖਿਆ ਫੋਰਸ (ਬੀਐੱਸਐਫ) ਨੇ ਰਮਦਾਸ ਨੇੜੇ ਸਰਹੱਦੀ ਇਲਾਕੇ ਵਿੱਚੋਂ 500 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਨਸ਼ੀਲਾ ਪਦਾਰਥ ਇਕ ਬੋਤਲ ਵਿਚ ਬੰਦ ਕਰਕੇ ਦਰਿਆ ਰਸਤੇ ਭਾਰਤ ਵੱਲ ਭੇਜਿਆ ਗਿਆ ਸੀ। ਸਰਹੱਦੀ ਸੁਰੱਖਿਆ ਫੋਰਸ ਦੇ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹੈਰੋਇਨ ਕੋਲਡ ਡਰਿੰਕ ਦੀ ਬੋਤਲ ਵਿਚ ਪਾਈ ਹੋਈ ਸੀ। ਬੋਤਲ ਦੇ ਨਾਲ ਲੱਕੜ ਬੰਨ੍ਹੀ ਹੋਈ ਸੀ। ਇਹ ਬੋਤਲ ਰਾਵੀ ਦਰਿਆ ਵਿਚ ਰਮਦਾਸ ਨੇੜੇ ਸਰਹੱਦੀ ਇਲਾਕੇ ਵਿੱਚੋਂ ਬਰਾਮਦ ਕੀਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਹੈਰੋਇਨ ਦੀ ਖੇਪ ਕਿਸ ਥਾਂ ਤੋਂ ਭਾਰਤ ਭੇਜੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਹੱਦੀ ਇਲਾਕੇ ਵਿੱਚੋਂ ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਚੁੱਕੇ ਹਨ।