ਪੱਤਰ ਪ੍ਰੇਰਕ
ਅੰਮ੍ਰਿਤਸਰ, 11 ਮਾਰਚ
ਖ਼ਾਲਸਾ ਕਾਲਜ ਵਿੱਚ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਸਹਿਯੋਗ ਨਾਲ ਚੱਲ ਰਹੇ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ 7ਵਾਂ ਦਿਨ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਰਿਹਾ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਨਾਟਕ ‘ਬਸੰਤੀ ਚੋਲਾ’ ਰਾਹੀਂ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਦੀ ਸੋਚ ਤੇ ਵਿਚਾਰਾਂ ਨਾਲ ਜਾਣੂ ਕਰਵਾਇਆ ਗਿਆ। ਇਹ ਨਾਟਕ ਅੱਜ ਦੇ ਸਮਿਆਂ ਵਿਚ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਖਟਕੜ ਕਲਾਂ ਵਿੱਚ ਚੱਲ ਰਹੇ ਸ਼ਹੀਦਾਂ ਦੇ ਮੇਲੇ ਤੋਂ ਸ਼ੁਰੂ ਹੁੰਦਾ ਹੈ। ਇਕ ਬਜ਼ੁਰਗ ਸੂਤਰਧਾਰ ਦੇ ਰੂਪ ਵਿਚ ਨਵੀਂ ਪੀੜ੍ਹੀ ਨੂੰ ਦੇਸ਼ ਦੇ ਅਸਲੀ ਨਾਇਕਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਗਾਥਾ ਸੁਣਾਉਂਦਾ ਹੈ। ਨਾਟਕ ਵਿਚ ਸ਼ਹੀਦਾਂ ਦੇ ਬਚਪਨ ਤੋਂ ਲੈ ਕੇ ਫਾਂਸੀ ਦੇ ਰੱਸੇ ਨੂੰ ਚੁੰਮਣ ਤਕ ਦੀ ਗਾਥਾ ਸਜੀਵ ਕਰਕੇ ਦਿਖਾਈ ਗਈ। ਇਸ ਰਾਹੀਂ ਸ਼ਹੀਦਾਂ ਦੇ ਸੁਫਨਿਆਂ, ਮੰਗਾਂ ਤੇ ਉਦੇਸ਼ਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਨਾਟਕ ਦੀ ਪੇਸ਼ਕਾਰੀ ਬਾਰੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਾਹਲ ਸਿੰਘ ਨੇ ਕਿਹਾ ਕਿ ਨਾਟਕ ਬਹੁਤ ਹੀ ਤਾਕਤਵਰ ਮਾਧਿਅਮ ਹੈ, ਜੋ ਦਰਸ਼ਕਾਂ ਨੂੰ ਸਿੱਧਾ ਪਾਤਰਾਂ ਨਾਲ ਜੋੜ ਦਿੰਦਾ ਹੈ। ਪੰਜਾਬੀ ਕਹਾਣੀ ਬਾਰੇ ‘ਸੁਲਘਦੇ ਸਮਿਆਂ ਦਾ ਬਿਰਤਾਂਤ’ ਪ੍ਰੋਗਰਾਮ ਬਾਰੇ ਸਮਕਾਲੀ ਪੰਜਾਬੀ ਕਹਾਣੀਕਾਰ ਅਜਮੇਰ ਸਿੱਧੂ ਨੇ ਕਿਹਾ ਕਿ ‘‘ਮੈਂ ਉਸ ਦੌਰ ਵਿਚ ਕਹਾਣੀ ਲਿਖਣੀ ਸ਼ੁਰੂ ਕੀਤੀ ਜਦੋਂ ਪ੍ਰਗਤੀਵਾਦੀ ਧਾਰਾ ਆਪਣੇ ਪੂਰੇ ਜ਼ੋਰ ’ਤੇ ਸੀ।’’ ਕਹਾਣੀਕਾਰ ਬਲਜੀਤ ਰੈਨਾ ਨੇ ਕਿਹਾ ਕਿ ਉਨ੍ਹਾਂ ਦੀ ਕਹਾਣੀ ਦਾ ਘੇਰਾ ਜੰਮੂ ਤੋਂ ਲੈ ਕੇ ਕਲਕੱਤਾ ਤਕ ਫੈਲਿਆ ਹੋਇਆ ਹੈ। ਪੈਨਲ ਚਰਚਾ ਦੇ ਸੰਯੋਜਕ ਡਾ. ਬਲਦੇਵ ਧਾਲੀਵਾਲ ਨੇ ਕਿਹਾ ਕਿ ਪੰਜਾਬੀ ਕਹਾਣੀ ਨੇ ਪਹਿਲੀ ਤੋਂ ਪੰਜਵੀਂ ਪੀੜ੍ਹੀ ਤਕ ਲੰਮਾ ਪੈਂਡਾ ਤੈਅ ਕੀਤਾ ਹੈ।
ਦੂਜੇ ਸੈਸ਼ਨ ਵਿਚ ਵਿਸ਼ਵ ਪ੍ਰਸਿੱਧ ਕੰਪਿਊਟਰ ਤਕਨੀਕ ਵਿਗਿਆਨੀ ਗੁਰਪ੍ਰੀਤ ਸਿੰਘ ਲਹਿਲ ਨੇ ਆਪਣੇ ਵੱਲੋਂ ਤਿਆਰ ਕੀਤੇ ਗਏ ਪੰਜਾਬੀ ਵਰਡ ਪ੍ਰੋਸੈੱਸਰ ਅੱਖਰ 2021 ਦੇ ਨਵੇਂ ਸੰਸਕਰਣ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਕੰਪਿਊਟਰ ਦੇ ਵਿਦਵਾਨ ਡਾ. ਸੀ. ਪੀ. ਕੰਬੋਜ ਨੇ ਪੰਜਾਬੀ ਭਾਸ਼ਾ ਅਤੇ ਕੰਪਿਊਟਰ ਤਕਨਾਲੋਜੀ ਦੇ ਵੱਖ-ਵੱਖ ਤਕਨੀਕੀ ਮਸਲਿਆਂ ਬਾਰੇ ਜਾਣਕਾਰੀ ਭਰਪੂਰ ਵਾਰਤਾ ਪੇਸ਼ ਕੀਤੀ।
ਵਿਰਸਾ ਵਿਹਾਰ ਵਿੱਚ ਨਾਟਕ ਮੇਲਾ ਸ਼ੁਰੂ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਵਿਰਸਾ ਵਿਹਾਰ ਵਿੱਚ ਪੰਜਾਬੀ ਥੀਏਟਰ ਅਕੈਡਮੀ, ਸੋਨਾ ਅਕੈਡਮੀ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਵਲੋਂ ਸ਼ੁਰੂ ਕੀਤੇ ਤਿੰਨ ਰੋਜ਼ਾ ਨਾਟਕ ਮੇਲੇ ਦੇ ਪਹਿਲੇ ਦਿਨ ਅੱਜ ਨਾਟਕ ‘ਹਿੰਦ ਦਾ ਰਾਖਾ’ ਦਾ ਮੰਚਨ ਹੋਇਆ। ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਚ ਇਹ ਪਹਿਲੇ ਨਾਟਕ ਦੀ ਅੱਜ ਪੇਸ਼ਕਾਰੀ ਕੀਤੀ ਗਈ। ਇਹ ਨਾਟਕ ਤਜਿੰਦਰ ਸਿੱਧਵਾਂ ਦਾ ਲਿਖਿਆ ਹੈ ਅਤੇ ਨਰਿੰਦਰ ਸਾਂਘੀ ਵਲੋਂ ਇਸ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ। ਨਾਟਕ ਵਿਚ ਜਗਦੀਸ਼ ਸਿੰਘ ਜੱਬਲ, ਬਬੀਤਾ ਸ਼ਰਮਾ, ਗੁਰਜੀਤ ਸਿੰਘ, ਗੈਰੀ ਗਿੱਲ, ਅਕਸ਼ਿਤ ਐਰੀ, ਇਸ਼ਿਵਨ ਕੌਰ, ਗੌਰਵਦੀਪ ਸਿੰਘ, ਅੰਮ੍ਰਿਤ ਸਿੰਘ, ਸੰਦੀਪ ਪ੍ਰਭਾਕਰ, ਭਵਿਆ ਅਰੋੜਾ, ਅਜੇ ਸ਼ਰਮਾ, ਨਿਸ਼ਾਨ ਸ਼ੇਰ ਗਿੱਲ ਤੇ ਹੋਰ ਕਲਾਕਾਰਾਂ ਵਲੋਂ ਵੱਖ ਵੱਖ ਰੋੋਲ ਨਿਭਾਏ ਗਏ।