ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 12 ਅਪਰੈਲ
ਭਾਜਪਾ ਛੇਤੀ ਹੀ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਦਾ ਰੁਖ਼ ਕਰੇਗੀ ਅਤੇ 2024 ਦੀਆਂ ਲੋਕ ਸਭਾ ਚੋਣ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਸੰਗਠਨ ਨੂੰ ਪਿੰਡਾਂ ਵਿੱਚ ਸਥਾਪਤ ਕਰ ਲਿਆ ਜਾਵੇਗਾ। ਇਹ ਪ੍ਰਗਟਾਵਾ ਭਾਜਪਾ ਆਗੂ ਤਰੁਣ ਚੁੱਘ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਇੱਥੇ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੇਮ ਸਿੰਘ ਲਾਲਪੁਰਾ ਦੇ ਪੁੱਤਰ ਦਲਜੀਤ ਸਿੰਘ ਲਾਲਪੁਰਾ ਨੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦੇ ਨਾਲ ਮੁਲਾਕਾਤ ਕੀਤੀ। ਐੱਨਆਰਆਈ ਪਰਮਜੀਤ ਸਿੰਘ ਸੰਧੂ ਵੀ ਇਸ ਸਮੇਂ ਮੌਜੂਦ ਸਨ। ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਤਰੁਣ ਚੁੱਘ ਨੇ ਕਿਹਾ ਕਿ ਚੋਣ ਹਾਰ ਜਾਣ ਦੇ ਬਾਅਦ ਕਾਂਗਰਸ ਪ੍ਰਦੇਸ਼ ਦੀ ਰਾਜਨੀਤੀ ’ਚੋਂ ਉਸੇ ਤਰਾਂ ਸਾਫ਼ ਹੋ ਜਾਵੇਗੀ, ਜਿਵੇਂ ਦੱਖਣ ਵਿੱਚ ਹੋਈ ਹੈ। ਚੁੱਘ ਨੇ ਕਿਹਾ ਕਿ ਭਾਜਪਾ ਛੇਤੀ ਹੀ ਆਪਣੇ ਸੰਗਠਨ ਨੂੰ ਮਜ਼ਬੂਤ ਕਰਣ ਲਈ ਪਿੰਡਾਂ ਦਾ ਰੁਖ਼ ਕਰੇਗੀ ਅਤੇ 2024 ਦੀਆਂ ਲੋਕ ਸਭਾ ਚੋਣ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਸੰਗਠਨ ਨੂੰ ਪਿੰਡਾਂ ਵਿੱਚ ਸਥਾਪਤ ਕਰ ਲਿਆ ਜਾਵੇਗਾ। ਭਾਜਪਾ ਉਨ੍ਹਾਂ ਪੰਥਕ ਪਰਿਵਾਰਾਂ ਨੂੰ ਸੰਗਠਨ ਵਿੱਚ ਜ਼ਿੰਮੇਵਾਰੀਆਂ ਦੇਵੇਗੀ, ਜਿਨ੍ਹਾਂ ਪਰਿਵਾਰਾਂ ਨੂੰ ਅਕਾਲੀ ਦਲ ਨੇ ਭੁਲਾ ਦਿੱਤਾ ਹੈ।