ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਜੁਲਾਈ
ਕੁੱਲ ਹਿੰਦ ਅਤਿਵਾਦ ਵਿਰੋਧੀ ਫਰੰਟ ਦੇ ਮੁਖੀ ਮਨਿੰਦਰਜੀਤ ਸਿੰਘ ਬਿੱਟਾ ਨੇ ਅੱਜ ਸ਼ਾਮ ਇੱਥੇ ਉਨ੍ਹਾਂ ਪੁਲੀਸ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ ਹੈ ਜੋ ਬੀਤੇ ਦਿਨੀਂ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਵੇਲੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ ਸਨ। ਪਿੰਡ ਭਕਨਾ ਕਲਾਂ ਨੇੜੇ ਹੋਏ ਇਸ ਮੁਕਾਬਲੇ ਵਿੱਚ ਤਿੰਨ ਪੁਲੀਸ ਕਰਮੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਸਨ। ਇਸ ਮੁਕਾਬਲੇ ਵਿੱਚ ਦੋ ਗੈਂਗਸਟਰ ਮਾਰੇ ਗਏ ਸਨ ਜਿਨ੍ਹਾਂ ਦੀ ਸ਼ਨਾਖਤ ਰੂਪਾ ਅਤੇ ਮੰਨੂ ਕੁੱਸਾ ਵਜੋਂ ਹੋਈ ਸੀ। ਇਹ ਦੋਵੇਂ ਗੈਂਗਸਟਰ ਪੁਲੀਸ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲੋੜੀਂਦੇ ਸਨ। ਸ੍ਰੀ ਬਿੱਟਾ ਅੱਜ ਇੱਥੇ ਨਿੱਜੀ ਹਸਪਤਾਲ ਪੁੱਜੇ ਜਿੱਥੇ ਇਹ ਪੁਲੀਸ ਕਰਮਚਾਰੀ ਜ਼ੇਰੇ ਇਲਾਜ ਹਨ। ਉਨ੍ਹਾਂ ਨੇ ਇਨ੍ਹਾਂ ਦਾ ਹਾਲਚਾਲ ਪੁੱਛਿਆ ਅਤੇ ਹੌਸਲਾ ਅਫਜ਼ਾਈ ਕੀਤੀ। ਇਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਸਬੰਧੀ ਗੁਰਦੁਆਰਿਆਂ ਵਿਚ ਬੋਰਡ ਲਾਉਣ ਦੇ ਫੈਸਲੇ ’ਤੇ ਇਤਰਾਜ਼ ਕੀਤਾ ਹੈ।