ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਅਗਸਤ
ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੀ 15ਵੀਂ ਵਰ੍ਹੇਗੰਢ ’ਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਜਥੇਬੰਦੀ ਦਾ ਨਵਾਂ ਪ੍ਰਧਾਨ ਥਾਪਿਆ ਗਿਆ ਹੈ। ਇਸ ਤੋਂ ਪਹਿਲਾਂ ਭਾਈ ਬਲਵੰਤ ਸਿੰਘ ਗੋਪਾਲਾ ਇਸ ਦੇ ਪ੍ਰਧਾਨ ਸਨ ਅਤੇ ਉਨ੍ਹਾਂ ਨੇ ਪਿਛਲੇ ਦਿਨੀਂ ਅਸਤੀਫਾ ਦਿੱਤਾ ਸੀ।
ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਅਰਦਾਸ ਉਪਰੰਤ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਅਹੁਦੇਦਾਰਾਂ ਅਤੇ ਪੰਥਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਜਥੇਬੰਦੀ ਦੇ ਨਵੇਂ ਪ੍ਰਧਾਨ ਵਜੋਂ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਨਾਮਜ਼ਦਗੀ ’ਤੇ ਆਪਣੇ ਸਮਰਥਨ ਨਾਲ ਮੋਹਰ ਲਾਈ। ਇਸ ਮੌਕੇ ਨਵੇਂ ਬਣੇ ਪ੍ਰਧਾਨ ਨੇ ਆਖਿਆ ਕਿ ਸਿੱਖਾਂ ਦੇ ਕੌਮੀ ਘਰ ਖ਼ਾਲਿਸਤਾਨ ਦੇ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਅੱਜ ਲੋੜ ਸੀ ਕਿ ਨੌਜਵਾਨਾਂ ਨੂੰ ਕੌਮ ਦੀ ਵਾਗਡੋਰ ਸੌਂਪੀ ਜਾਵੇ ਤੇ ਭਾਈ ਰਣਜੀਤ ਸਿੰਘ ਇਹ ਕਾਬਲੀਅਤ ਰੱਖਦੇ ਹਨ। ਉਹਨਾਂ ਨੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਹੁੰਦਿਆਂ ਸ਼ਹੀਦਾਂ ਦੇ ਇਤਿਹਾਸ ਵਾਲ਼ੀਆਂ ਦੋ ਕਿਤਾਬਾਂ ਕੌਮ ਦੀ ਝੋਲ਼ੀ ਪਾਈਆਂ ਤੇ ਫ਼ੈਡਰੇਸ਼ਨ ਨੂੰ ਬੁਲੰਦੀਆਂ ’ਤੇ ਪਹੁੰਚਾਇਆ।
ਇਸ ਮੌਕੇ ਸੰਤ ਭਿੰਡਰਾਂਵਾਲਿਆਂ ਦੇ ਪੁੱਤਰ ਭਾਈ ਈਸ਼ਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ, ਦਮਦਮੀ ਟਕਸਾਲ ਤਲਵੰਡੀ ਬਖ਼ਤਾ ਦੇ ਜਥੇਦਾਰ ਭਾਈ ਲਹਿਣਾ ਸਿੰਘ, ਜਥਾ ਸਿਰਲੱਥ ਖ਼ਾਲਸਾ ਦੇ ਪ੍ਰਧਾਨ ਦਿਲਬਾਗ ਸਿੰਘ, ਭਾਈ ਭੁਪਿੰਦਰ ਸਿੰਘ, ਸਤਿਕਾਰ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਮੁੱਛਲ, ਆਵਾਜ਼ ਏ ਕੌਮ ਦੇ ਪ੍ਰਧਾਨ ਮਨਜੀਤ ਸਿੰਘ ਕਰਤਾਰਪੁਰ, ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਨੀਟੂ, ਨੀਲੀਆਂ ਫ਼ੌਜਾਂ ਦੇ ਪ੍ਰਧਾਨ ਹਰਜਿੰਦਰ ਸਿੰਘ, ਪ੍ਰਣਾਮ ਸ਼ਹੀਦਾਂ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਲੋਹਾਰਾ, ਸਿੱਖ ਯੂਥ ਸੇਵਾ ਦਲ ਦੇ ਪ੍ਰਧਾਨ ਸੁਖਚੈਨ ਸਿੰਘ ਗੋਪਾਲਾ ਆਦਿ ਸ਼ਾਮਲ ਸਨ।