ਟ੍ਰਬਿਿਊੂਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਜੂਨ
ਸ਼੍ਰੋਮਣੀ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਸੰਗਤਾਂ ਨੂੰ ਭਗਤ ਕਬੀਰ ਦੇ ਜੀਵਨ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਦੇ ਉਪਦੇਸ਼ਾਂ ’ਤੇ ਚੱਲਣ ਦੀ ਪ੍ਰੇਰਨਾ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਭਗਤ ਵਜੋਂ ਸਤਿਕਾਰੇ ਜਾਂਦੇ ਭਗਤ ਕਬੀਰ ਨੇ ਆਪਣੇ ਕ੍ਰਾਂਤੀਕਾਰੀ ਉਪਦੇਸ਼ਾਂ ਰਾਹੀਂ ਤਤਕਾਲੀ ਧਾਰਮਿਕ ਨਿਘਾਰ ’ਤੇ ਕਰਾਰੀ ਸੱਟ ਮਾਰੀ ਸੀ ਅਤੇ ਮਾਨਵਤਾ ਨੂੰ ਸੱਚ ਦਾ ਉਪਦੇਸ਼ ਦਿੱਤਾ। ਉਨ੍ਹਾਂ ਸਮਾਜਿਕ ਕੁਰੀਤੀਆਂ ਦਾ ਵਿਰੋਧ ਕੀਤਾ। ਉਨ੍ਹਾਂ ਨੇ ਪਰਮਾਤਮਾ ਦੀ ਭਗਤੀ ਕਰਨ ਦਾ ਰਾਹ ਵੀ ਦਿਖਾਇਆ, ਜੋ ਅੱਜ ਵੀ ਪ੍ਰੇਰਨਾ ਸਰੋਤ ਹੈ।
ਇਸ ਤੋਂ ਪਹਿਲਾ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਅਰਦਾਸ ਭਾਈ ਸਲਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਕਈ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
ਭੁਲੱਥ (ਪੱਤਰ ਪ੍ਰੇਰਕ): ਕਸਬਾ ਭੁਲੱਥ ਦੇ ਗੁਰਦੁਆਰਾ ਸਾਹਿਬ ਵਿੱਚ ਭਗਤ ਕਬੀਰ ਦੇ 624ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਜਸਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ੴ ਸਾਹਿਬ ਤੇ ਕਥਾ ਵਾਚਕ ਭਾਈ ਮਹਿੰਦਰ ਸਿੰਘ ਜ਼ੀਰੇ ਵਾਲੇ ਨੇ ਸੰਗਤ ਨੂੰ ਭਗਤ ਕਬੀਰ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਲੇਖਕ ਮੇਹਰ ਚੰਦ ਸਿੱਧੂ ਨੇ ਕਿਹਾ ਕਿ ਕਬੀਰ ਜੀ ਦੀ ਫਿਲਾਸਫੀ ਜਾਤ-ਪਾਤ, ਊਚ-ਨੀਚ ਤੇ ਅਡੰਬਰਵਾਦ ਤੋਂ ਉਪਰ ਉਠ ਕੇ ਪ੍ਰਮਾਤਮਾ ਦੀ ਭਗਤੀ ਦੀ ਗੱਲ ਕਰਦੀ ਹੈ।
ਪਠਾਨਕੋਟ (ਪੱਤਰ ਪ੍ਰੇਰਕ): ਭਗਤ ਕਬੀਰ ਦਾਸ ਸਭਾ ਪਿੰਡ ਜੈਨੀ ਵੱਲੋਂ ਅੱਜ ਕਬੀਰ ਜਯੰਤੀ ਮੌਕੇ ਸ਼ੋਭਾ ਯਾਤਰਾ ਕੱਢੀ ਗਈ। ਇਸੇ ਦੌਰਾਨ ਸੁਜਾਨਪੁਰ ਵਿੱਚ ਮੇਘ ਸਭਾ ਵੱਲੋਂ ਕਬੀਰ ਮੰਦਰ ਵਿੱਚ ਪ੍ਰਧਾਨ ਰਾਜਿੰਦਰ ਭਗਤ ਦੀ ਅਗਵਾਈ ਵਿੱਚ ਹਵਨ ਯੱਗ ਮਗਰੋਂ ਸਤਿਸੰਗ ਕਰਵਾਇਆ ਗਿਆ। ਪਠਾਨਕੋਟ ਵਿੱਚ ਆਨੰਦਪੁਰ ਰੜ੍ਹਾ ਸਥਿਤ ਕਬੀਰ ਮੰਦਰ ਵਿੱਚ ਵੀ ਧਾਰਮਿਕ ਸਮਾਗਮ ਕਰਵਾਇਆ ਗਿਆ।