ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 3 ਸਤੰਬਰ
ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ ਨਗਰ ਨਿਗਮ ਬਿਲਡਿੰਗ ਵਿਭਾਗ ਨਾਲ ਮੀਟਿੰਗ ਕੀਤੀ ਗਈ।ਇਸ ਦੌਰਾਨ ਦੱਖਣੀ ਅਤੇ ਪੱਛਮੀ ਸੈਕਟਰ ਨਾਲ ਸਬੰਧਤ ਐੱਮਟੀਪੀ, ਏਟੀਪੀ, ਬਿਲਡਿੰਗ ਇੰਸਪੈਕਟਰ ਅਤੇ ਸੁਪਰਡੈਂਟ ਆਦਿ ਪਾਸੋਂ ਸਬੰਧਤ ਇਲਾਕਿਆਂ ਵਿੱਚ ਚੱਲ ਰਹੀਆਂ ਉਸਾਰੀਆਂ ਬਾਰੇ ਜਾਣਕਾਰੀ ਲਈ ਗਈ। ਮੇਅਰ ਨੇ ਇਸ ਸਮੇਂ ਹਾਜ਼ਰ ਬਿਲਡਿੰਗ ਸਟਾਫ਼ ਨੂੰ ਕਿਹਾ ਕਿ ਨਾਜਾਇਜ਼ ਉਸਾਰੀਆਂ ਬਾਰੇ ਰੋਜ਼ਾਨਾਂ ਖਬਰਾਂ ਛਪਣ ਤੋਂ ਇਲਾਵਾ ਕਈ ਸ਼ਿਕਾਇਤਾਂ ਵੀ ਆ ਰਹੀਆਂ ਹਨ ਪਰ ਵਿਭਾਗ ਵਲੋਂ ਇਨ੍ਹਾਂ ਨਾਜਾਇਜ਼ ਉਸਾਰੀਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਕੋਈ ਢੁੱਕਵੇਂ ਉਪਰਾਲੇ ਨਹੀਂ ਕੀਤੇ ਜਾ ਰਹੇ। ਉਨਾਂ ਕਿਹਾ ਕਿ ਵਿਭਾਗ ਵਲੋਂ ਇਨ੍ਹਾਂ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਤੁਰੰਤ ਵਿਉਂਤਬੰਦੀ ਕੀਤੀ ਜਾਵੇ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਨਕਸ਼ਾ ਪਾਸ ਕਰਵਾ ਕੇ ਹੀ ਉਸਾਰੀ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਨਿਗਮ ਦੀ ਆਮਦਨ ਵਿੱਚ ਵਾਧਾ ਹੋਣ ਦੇ ਨਾਲ ਨਾਲ ਨਾਜਾਇਜ਼ ਉਸਾਰੀਆਂ ‘ਤੇ ਰੋਕ ਲੱਗ ਸਕੇ। ਮੀਟਿੰਗ ਵਿੱਚ ਐੱਮਟੀਪੀਆਈਪੀਐੱਸ ਰੰਧਾਵਾ, ਏਟੀਪੀ ਕ੍ਰਿਸ਼ਨਾ, ਸੁਪਰਡੈਂਟ ਧਰਮਿੰਦਰ ਸਿੰਘ, ਸੁਪਰਡੈਂਟ ਦਵਿੰਦਰ ਸਿੰਘ ਬੱਬਰ, ਬਿਲਡਿੰਗ ਇੰਸਪੈਕਟਰ ਸੁਖਵਿੰਦਰ, ਰਾਜ ਰਾਣੀ ਅਤੇ ਆਦਿ ਮੌਜੂਦ ਸਨ। ਇਸੇ ਦੌਰਾਨ ਮੇਅਰ ਕਰਮਜੀਤ ਸਿੰਘ ਨੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਨਾਲ ਮਿਲ ਕੇ ਅੰਨਗੜ੍ਹ ਵਿਖੇ ਮੇਨ ਰੋਡ ਨੂੰ ਚੌੜਾ ਕਰਨ ਦੇ ਕੰਮ ਦਾ ਉਦਘਾਟਨ ਕੀਤਾ।ਇਸ ਸੜਕ ਦੇ ਨਿਰਮਾਣ ਨਾਲ ਸਰਕੂਲਰ ਰੋਡ ਦਾ ਝਬਾਲ ਰੋਡ ਨਾਲ ਸਿੱਧਾ ਰਾਬਤਾ ਹੋ ਜਾਵੇਗਾ।
ਨਾਜਾਇਜ਼ ਕਬਜ਼ਿਆਂ ਖ਼ਿਲਾਫ ਨਿਗਮ ਵੱਲੋਂ ਕਾਰਵਾਈ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਮਿਸ਼ਨ ਫ਼ਤਹਿ ਤਹਿਤ ਨਗਰ ਨਿਗਮ ਵਲੋਂ ਅੱਜ ਕੋਵਿਡ-19 ਹਦਾਇਤਾਂ ਦੀ ਉਲੰਘਣਾ ਅਤੇ ਨਾਜਾਇਜ਼ ਕਬਜ਼ਿਆਂ ਖਿਲਾਫ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕਾਰਵਾਈ ਕੀਤੀ ਗਈ।ਨਿਗਮ ਅਧਿਕਾਰੀ ਸੁਸ਼ਾਂਤ ਭਾਟੀਆ ਨੇ ਦੱਸਿਆ ਕਿ ਕੋਵਿਡ-19 ਸਬੰਧੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਉਲੰਘਣਾ ਦੇ ਦੋਸ਼ ਵਿੱਚ ਲਿੰਕ ਰੋਡ ਸਥਿਤ ਗੁਰੂ ਨਾਨਕ ਮਾਰਕੀਟ, ਖੰਡਵਾਲਾ ਛੇਹਰਟਾ, ਮਜੀਠਾ ਰੋਡ, ਰਤਨ ਸਿੰਘ ਚੌਕ ਆਦਿ ਥਾਵਾਂ ‘ਤੇ ਇਹ ਕਾਰਵਾਈ ਅੰਜ਼ਾਮ ਦਿੱਤੀ ਗਈ।ਇਸ ਕਾਰਵਾਈ ਦੀ ਅਗਵਾਈ ਇੰਸਪੈਕਟਰ ਰਾਜ ਕੁਮਾਰ ਨੇ ਕੀਤੀ, ਜਦਕਿ ਸੁਰਿੰਦਰ ਸ਼ਰਮਾ, ਕੁਲਦੀਪ ਸਿੰਘ, ਦਵਿੰਦਰ ਭੱਟੀ ਅਤੇ ਹੋਰ ਨਿਗਮ ਕਰਮਚਾਰੀ ਮੌਜੂਦ ਸਨ। ਸੁਸ਼ਾਂਤ ਭਾਟੀਆ ਨੇ ਕਿਹਾ ਕਿ ਕਰੋਨਾ ਤੋਂ ਸ਼ਹਿਰੀਆਂ ਦੀ ਸੁਰੱਖਿਆ ਲਈ ਸਰਕਾਰ, ਜ਼ਿਲ੍ਹਾ ਤੇ ਨਗਰ ਨਿਗਮ ਪ੍ਰਸਾਸ਼ਨ ਯਤਨਸ਼ੀਲ ਹੈ ਪਰ ਲੋਕ ਮਾਸਕ ਲਗਾਉਣ ਤੇ ਸਮਾਜਿਕ ਦੂਰੀ ਸਬੰਧੀ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਸ ਤੋਂ ਇਲਾਵਾ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਅਜਿਹੀ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ।