ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ,19 ਅਗਸਤ
ਸ਼ਹਿਰ ਦੀ ਤੁੰਗ ਢਾਬ ਡਰੇਨ, ਜੋ ਕਿ ਪ੍ਰਦੂਸ਼ਣ ਕਾਰਨ ਲਗਾਤਾਰ ਚਰਚਾ ਵਿਚ ਰਹੀ ਹੈ, ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਕ ਵਾਰ ਮੁੜ ਯਤਨ ਸ਼ੁਰੂ ਕੀਤੇ ਗਏ ਹਨ । ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਖਿਆ ਕਿ ਇਸ ਵਾਰ ਇਸ ਸਮੱਸਿਆ ਦਾ ਪੱਕਾ ਹੱਲ ਹੋਵੇਗਾ ਅਤੇ ਇਸ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਲੁਧਿਆਣਾ ਦੇ ਬੁੱਢੇ ਨਾਲੇ ਦੀ ਤਰਜ਼ ’ਤੇ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਅੱਜ ਇਸ ਸਬੰਧੀ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਮੀਟਿੰਗ ਕੀਤੀ ਹੈ ਅਤੇ ਇਸ ਸਮੱਸਿਆ ਦੇ ਹੱਲ ਲਈ ਦੋ ਮਹੀਨੇ ਵਿੱਚ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਆਪਣੇ ਘਰ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਵਾਉਣ ਦੀ ਮੰਗ ਰਖੀ ਸੀ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਔਜਲਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਸਾਰੇ ਸਬੰਧਤ ਵਿਭਾਗ ਇਕ ਟੀਮ ਵਜੋਂ ਕੰਮ ਕਰਕੇ ਦੋ ਮਹੀਨਿਆਂ ਵਿੱਚ ਪ੍ਰਦੂਸ਼ਣ ਦਾ ਮਸਲਾ ਹੱਲ ਕਰਨ ਲਈ ਰਿਪੋਰਟ ਦੇਣਗੇ। ਸ੍ਰੀ ਔਜਲਾ ਅਨੁਸਾਰ ਸ੍ਰੀ ਕੌਸ਼ਲ ਨੇ ਦੱਸਿਆ ਕਿ ਮੁੱਖ ਮੰਤਰੀ ਇਸ ਮੰਗ ਪ੍ਰਤੀ ਗੰਭੀਰ ਹਨ ਅਤੇ ਉਹ ਜਲਦੀ ਇਸ ਮੰਗ ਦਾ ਨਿਪਟਾਰਾ ਕਰਨਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਗਏ ਸਨ ਅਤੇ ਉਨ੍ਹਾਂ ਅੱਗੇ ਕਾਂਗਰਸ ਦੇ ਆਗੂਆਂ ਨੇ ਤੁੰਗਢਾਬ ਦੀ ਸਫਾਈ ਦੀ ਮੰਗ ਨੂੰ ਰੱਖਿਆ ਸੀ।
ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਧਰਨਾ ਜਾਰੀ਼
ਅਜਨਾਲਾ (ਪੱਤਰ ਪ੍ਰੇਰਕ): ਸਿੰਜਾਈ ਵਿਭਾਗ ਦੁਆਰਾ ਪਾਣੀ ਨੂੰ ਅਖ਼ੀਰਲੇ ਸਥਾਨ (ਟੇਲ) ਤੱਕ ਪੁਹੰਚਾਉਣ ਲਈ ਪੱਕੇ ਕੀਤੇ ਜਾ ਰਹੇ ਸੂਏ ਦੇ ਚੱਲ ਰਹੇ ਕੰਮ ਖਿਲਾਫ਼ ਅਤੇ ਬਰਸਾਤ ਦੇ ਵਾਧੂ ਪਾਣੀ ਦੀ ਨਿਕਾਸੀ ਇਸ ਸੂਏ ਵਿੱਚ ਨਾ ਕਰਨ ਦੀ ਮੰਗ ਨੂੰ ਲੈ ਕੇ ਇਸ ਤਹਿਸੀਲ ਦੇ ਪਿੰਡ ਰੱਖ ਉਠੀਆਂ ਵਿੱਚ ਕਿਸਾਨਾਂ ਵੱਲੋ ਲਗਾਇਆ ਜਾ ਰਿਹਾ ਧਰਨਾਂ ਅੱਜ 11ਵੇਂ ਦਿਨ ’ਚ ਦਾਖਲ ਹੋ ਗਿਆ ਪਰ ਅਜੇ ਤੱਕ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਕਿਸਾਨਾਂ ਦੀ ਸਾਰ ਨਹੀ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਬਾਜ਼ ਸਿੰਘ ਉਠੀਆਂ ਨੇ ਦੱਸਿਆ ਕਿ ਸਾਲ 1952-53 ਵਿੱਚ ਇਸ ਸੂਏ (ਖਾਲ) ਦਾ ਨਿਰਮਾਣ ਹੋਇਆ ਸੀ ਅਤੇ ਉਸ ਸਮੇਂ ਤੋ ਵੱਖ-ਵੱਖ ਪਿੰਡਾਂ ਦੀ ਕਰੀਬ 450 ਏਕੜ ਫਸਲ ਬਰਸਾਤ ਦੇ ਵਾਧੂ ਪਾਣੀ ਕਾਰਨ ਖਰਾਬ ਹੋ ਰਹੀ ਹੈ ਜਦ ਕਿ ਇਸ ਪਾਣੀ ਦੀ ਨਿਕਾਸੀ ਬਾਰੇ ਕਈ ਵਾਰ ਉੱਚ-ਅਧਿਕਾਰੀਆਂ ਨੂੰ ਲਿਖਿਆ ਗਿਆ ਹੈ ਪਰ ਅਜੇ ਤੱਕ ਕੋਈ ਵੀ ਸੁਣਵਾਈ ਨਹੀ ਹੋ ਰਹੀ। ਇਸ ਮੌਕੇ ਨੰਬਰਦਾਰ ਸੁਖਦੇਵ ਸਿੰਘ,ਜਗਤਾਰ ਸਿੰਘ,ਨਰਿੰਦਰ ਸਿੰਘ, ਬਲਬੀਰ ਸਿੰਘ, ਸੁੱਚਾ ਸਿੰਘ, ਕਾਮਰੇਡ ਸਤਵਿੰਦਰ ਸਿੰਘ, ਸਰੂਪ ਸਿੰਘ, ਸੂਬਾ ਸਿੰਘ ਅਤੇ ਗੁਰਦੀਪ ਸਿੰਘ ਆਦਿ ਵੀ ਹਾਜ਼ਰ ਸਨ।