ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਜੁਲਾਈ
ਪ੍ਰਕਾਸ਼ਕ ਘਰਾਣੇ ਚਤਰ ਸਿੰਘ ਜੀਵਨ ਸਿੰਘ ਪਰਿਵਾਰ ਦੇ ਦੋ ਨਾਬਾਲਗ ਲੜਕਿਆਂ ਨੂੰ ਚਾਰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਘਟਨਾ ਬੀਤੀ ਦੇਰ ਸ਼ਾਮ ਰਣਜੀਤ ਐਵੀਨਿਊ ਇਲਾਕੇ ਵਿੱਚ ਵਾਪਰੀ। ਉਸ ਵੇਲੇ ਦੋਵੇਂ ਲੜਕੇ ਇੱਕ ਰੇਸਤਰਾਂ ਤੋਂ ਬਾਹਰ ਆਏ ਸਨ, ਜਦੋਂਕਿ ਪਰਿਵਾਰ ਦੇ ਬਾਕੀ ਮੈਂਬਰ ਅੰਦਰ ਸਨ। ਜਿਵੇਂ ਹੀ ਇਹ ਦੋਵੇਂ ਆਪਣੀ ਕਾਰ ਅੰਦਰ ਬੈਠੇ ਤਾਂ ਅਣਪਛਾਤੇ ਵਿਅਕਤੀਆਂ ਨੇ ਇਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਇਕ ਲੜਕਾ ਕਾਰ ’ਚੋਂ ਬਾਹਰ ਨਿਕਲਣ ਵਿੱਚ ਸਫਲ ਹੋ ਗਿਆ। ਅਣਪਛਾਤੇ ਵਿਅਕਤੀ ਕਾਰ ਸਣੇ ਇਕ ਲੜਕੇ ਨੂੰ ਲੈ ਕੇ ਚਲੇ ਗਏ ਪਰ ਥੋੜੀ ਦੂਰ ਜਾ ਕੇ ਕਾਰ ਬੰਦ ਹੋ ਗਈ, ਜਿਸ ਕਾਰਨ ਅਗਵਾਕਾਰ ਲੜਕੇ ਅਤੇ ਕਾਰ ਨੂੰ ਛੱਡ ਕੇ ਫਰਾਰ ਹੋ ਗਏ। ਪ੍ਰਭਜੋਤ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਆਖਿਆ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਡਰਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪਰਿਵਾਰ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ, ਜਿਸ ਬਾਰੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਨੂੰ ਕਈ ਵਾਰ ਪੱਤਰ ਵੀ ਲਿਖੇ ਹਨ। ਸਹਾਇਕ ਪੁਲੀਸ ਕਮਿਸ਼ਨਰ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਅਗਵਾਕਾਰਾਂ ਬਾਰੇ ਸੁਰਾਗ ਲੱਭਣ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।