ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਮਾਰਚ
ਹਲਕਾ ਪੂਰਬੀ ਤੋਂ ਆਪ ਵਿਧਾਇਕ ਬਣੀ ਜੀਵਨਜੋਤ ਕੌਰ ਨੇ ਅੱਜ ਵੇਰਕਾ ਮਿਲਕ ਪਲਾਂਟ, ਸਰਕਾਰੀ ਹਸਪਤਾਲ ਅਤੇ ਹੋਰ ਥਾਵਾਂ ’ਤੇ ਸਰਕਾਰੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਜੀਵਨਜੋਤ ਕੌਰ ਨੇ ਵੇਰਕਾ ਦੇ ਸਰਕਾਰੀ ਹਸਪਤਾਲ ਦਾ ਵੀ ਦੌਰਾ ਕੀਤਾ, ਜਿੱਥੇ ਹਸਪਤਾਲ ਦੇ ਅਮਲੇ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਤਾੜਨਾ ਕੀਤੀ ਗਈ। ਇਸ ਤੋਂ ਬਾਅਦ ਉਹ ਥਾਣਾ ਵੇਰਕਾ ਵਿੱਚ ਵੀ ਗਏ, ਜਿੱਥੇ ਉਨ੍ਹਾਂ ਨੇ ਪੁਲੀਸ ਕਰਮਚਾਰੀਆਂ ਨੂੰ ਤਾੜਨਾ ਕੀਤੀ ਕਿ ਹੁਣ ਰਿਸ਼ਵਤ ਲੈਣ ਦੀ ਕੋਈ ਸ਼ਿਕਾਇਤ ਸਾਹਮਣੇ ਨਾ ਆਵੇ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਸਥਾਨਕ ਮਿੰਨੀ ਪੀਐਚਸੀ ਜਿਸ ਨੂੰ ਜਨਾਨਾ ਹਸਪਤਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਿਚ ਵਿਧਾਇਕ ਜੰਡਿਆਲਾ ਗੁਰੂ ਐਡਵੋਕੇਟ ਹਰਭਜਨ ਸਿੰਘ ਈਟੀਓ ਨੇ ਅਚਨਚੇਤ ਚੈਕਿੰਗ ਕੀਤੀ। ਇਥੇ ਸਭ ਤੋਂ ਪਹਿਲਾਂ ਉਨ੍ਹਾਂ ਹਾਜ਼ਰੀ ਰਜਿਸਟਰ ਚੈੱਕ ਕੀਤਾ ਜਿਸ ਦੌਰਾਨ ਇੱਕ ਕਰਮਚਾਰੀ ਗ਼ੈਰਹਾਜ਼ਰ ਪਾਇਆ ਗਿਆ। ਇੱਥੇ ਦਵਾਈਆਂ ਦੇ ਰਿਕਾਰਡ ਦੀ ਜਾਂਚ ਦੌਰਾਨ ਜ਼ਿਆਦਾਤਰ ਦਵਾਈਆਂ ਮਿਆਦ ਪੁੱਗੀਆਂ ਮਿਲੀਆਂ।
‘ਆਪ’ ਆਗੂ ਵੱਲੋਂ ਸਰਕਾਰੀ ਦਫ਼ਤਰਾਂ ਦੀ ਚੈਕਿੰਗ
ਕਾਹਨੂੰਵਾਨ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਤੋਂ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਚੋਣਵੇਂ ਸਾਥੀਆਂ ਸਮੇਤ ਬਲਾਕ ਕਾਹਨੂੰਵਾਨ ਦੇ ਸਰਕਾਰੀ ਦਫ਼ਤਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ। ਪਹਿਲਾਂ ਉਨ੍ਹਾਂ ਨੇ ਕਾਲਾ ਬਾਲਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹੁੰਚ ਕੇ ਅਧਿਆਪਕਾਂ ਦੀ ਹਾਜ਼ਰੀ ਨੋਟ ਕਰਦਿਆਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਉਪਰੰਤ ਉਨ੍ਹਾਂ ਨੇ ਪਿੰਡ ਕੋਟ ਯੋਗਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਦਾ ਨਿਰੀਖਣ ਕੀਤਾ। ਇਸ ਉਪਰੰਤ ਉਹ ਬੀਡੀਪੀਓ ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਨੇ ਬੀਡੀਪੀਓ ਪਵਨ ਕੁਮਾਰ ਕੋਲੋਂ ਸਟਾਫ਼ ਦੀ ਜਾਣਕਾਰੀ ਲਈ ਇਸ ਮੌਕੇ ਦੇਖਿਆ ਗਿਆ ਕਿ ਬੀਡੀਪੀਓ ਪੰਚਾਇਤ ਅਫ਼ਸਰ ਤੋਂ ਇਲਾਵਾ ਸੁਪਰਡੈਂਟ ਦੋ ਦਰਜਾ ਚਾਰ ਕਰਮਚਾਰੀ ਮੌਕੇ ਤੇ ਹਾਜ਼ਰ ਸਨ। ਜਦੋਂ ਕਿ ਦਫ਼ਤਰ ਦਾ ਬਾਕੀ ਸਟਾਫ਼ ਦੇਰੀ ਨਾਲ ਪਹੁੰਚ ਰਿਹਾ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਸਬ ਤਹਿਸੀਲ ਕਾਹਨੂੰਵਾਨ ਦਾ ਜਾਇਜ਼ਾ ਵੀ ਲਿਆ ਇਸ ਦੌਰਾਨ ਨਾਇਬ ਤਹਿਸੀਲਦਾਰ ਸਮੇਤ ਹੋਰ ਅਮਲੇ ਤੋਂ ਇਲਾਵਾ ਕੁਝ ਪਟਵਾਰੀ ਗੈਰ ਹਾਜ਼ਰ ਪਾਏ ਗਏ।
ਵਿਧਾਇਕ ਵੱਲੋਂ ਥਾਣੇ ਅਤੇ ਸਕੂਲ ਦੀ ਚੈਕਿੰਗ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਆਪ ਦੇ ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਬਣੇ ਰਮਨ ਅਰੋੜਾ ਨੇ ਥਾਣਾ ਡਿਵੀਜ਼ਨ ਨੰਬਰ ਚਾਰ ਸਮੇਤ ਸਰਕਾਰੀ ਸਕੂਲਾਂ ਦੀ ਚੈਕਿੰਗ ਕੀਤੀ। ਵਿਧਾਇਕ ਰਮਨ ਅਰੋੜਾ ਨੇ ਅਧਿਆਪਕਾਂ ਦੀ ਚੰਗੀ ਕਲਾਸ ਲਾਈ ਕਿਉਂਕਿ ਸਕੂਲ ਵਿਚ ਪ੍ਰਿੰਸੀਪਲ ਪਿਛਲੇ ਦੋ ਮਹੀਨਿਆਂ ਤੋਂ ਨਹੀਂ ਆ ਰਹੀ ਸੀ। ਸਕੂਲ ਵਿਚ ਉਸਾਰੀ ਦਾ ਵੀ ਕੰਮ ਚੱਲ ਰਿਹਾ ਸੀ। ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਸਾਬਕਾ ਵਿਧਾਇਕ ਨੇ ਸਕੂਲ ਲਈ ਡੇਢ ਕਰੋੜ ਦੀ ਗਰਾਂਟ ਜਾਰੀ ਕੀਤੀ ਹੈ। ਲੋਕਾਂ ਵੱਲੋਂ ਵਿਧਾਇਕ ਨੂੰ ਸਕੂਲ ਵਿਚ ਚੱਲ ਰਹੇ ਘਟੀਆ ਕੰਮ ਦੀ ਵੀਡੀਓ ਵੀ ਦਿਖਾਈ ਗਈ। ਉਨ੍ਹਾਂ ਠੇਕੇਦਾਰਾਂ ਦੀ ਵੀ ਝਾੜ ਝੰਭ ਕੀਤੀ। ਇਸੇ ਤਰ੍ਹਾਂ ਵਿਧਾਇਕ ਨੇ ਲੰਘੀ ਰਾਤ ਨੂੰ ਹੀ ਥਾਣਾ ਡਿਵੀਜ਼ਨ ਨੰਬਰ ਚਾਰ ਵਿਚ ਪਹੁੰਚ ਗਏ। ਉਥੇ ਸ਼ਿਕਾਇਤਾਂ ਲੈ ਕੇ ਆਏ ਕੁਝ ਲੋਕਾਂ ਨੂੰ ਵੀ ਥਾਣੇ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਪੁੱਛਗਿੱਛ ਕੀਤੀ।