ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਅਪਰੈਲ
ਗੋਲਡਨ ਐਵੀਨਿਊ ਨੇੜੇ ਪੁਰਾਣੇ ਕੱਪੜਿਆਂ ਦੇ ਇਕ ਗੋਦਾਮ ਨੂੰ ਅੱਗ ਲੱਗ ਗਈ। ਇਸ ਘਟਨਾ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਅੱਗ ਕਾਰਨ ਕੱਪੜੇ ਤੇ ਹੋਰ ਸਾਮਾਨ ਸੜ ਕੇ ਸਵਾਹ ਹੋ ਗਿਆ ਹੈ। ਇਹ ਗੋਦਾਮ ਪਰਵਾਸੀ ਵਿਅਕਤੀਆਂ ਦਾ ਸੀ, ਜੋ ਪਰਾਣੇ ਕੱਪੜੇ ਵੇਚਦੇ ਹਨ। ਨੁਕਸਾਨ ਨਾਲ ਪ੍ਰਭਾਵਿਤ ਹੋਏ ਪਰਿਵਾਰ ਦੀਆਂ ਔਰਤਾਂ ਅਨੀਤਾ, ਪਲਵੀ ਤੇ ਹੋਰਨਾਂ ਨੇ ਦੱਸਿਆ ਕਿ ਗੋਦਾਮ ਦੇ ਨੇੜੇ ਹੀ ਕੁਝ ਬੱਚਿਆਂ ਵਲੋਂ ਚਲਾਏ ਪਟਾਕਿਆਂ ਦੀ ਚਿੰਗਾਰੀ ਨਾਲ ਅੱਗ ਲੱਗੀ ਹੈ, ਜਿਸ ਨਾਲ ਉਨ੍ਹਾਂ ਦਾ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਇਹ ਪਰਿਵਾਰ ਲਖਨਊ ਦਾ ਰਹਿਣ ਵਾਲਾ ਹੈ ਅਤੇ ਇਸ ਵੇਲੇ ਇਥੇ ਗੋਲਡਨ ਐਵੀਨਿਊ ਨੇੜੇ ਰਹਿ ਰਿਹਾ ਸੀ। ਇਸ ਦੌਰਾਨ ਹਲਕਾ ਵਿਧਾਇਕ ਜੀਵਨਜੋਤ ਕੌਰ ਵੀ ਮੌਕੇ ’ਤੇ ਪੁੱਜ ਗਏ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪੁੱਜਣ ਵਿਚ ਆਈ ਮੁਸ਼ਕਲ ਵੀ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਇਥੇ ਚਲ ਰਹੀ ਪੁਲ ਦੀ ਉਸਾਰੀ ਕਾਰਨ ਬਿਜਲੀ ਦੀਆਂ ਤਾਰਾਂ ਲਟਕ ਰਹੀਆਂ ਸਨ, ਜਿਸ ਕਾਰਨ ਫਾਇਰ ਬ੍ਰਿਗੇਡ ਦੇ ਕੁਝ ਵਾਹਨਾਂ ਨੂੰ ਜਲਦੀ ਪੱੁਜਣ ਵਿਚ ਮੁਸ਼ਕਲ ਆਈ ਹੈ। ਲੇਕਿਨ ਕੁਝ ਛੋਟੀਆਂ ਗੱਡੀਆਂ ਮੌਕੇ ’ਤੇ ਪੁੱਜ ਗਈਆਂ ਸਨ, ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾ ਲਿਆ।