ਅੰਮ੍ਰਿਤਸਰ (ਟਨਸ): ਜ਼ਿਲ੍ਹੇ ਵਿਚ ਡੇਂਗੂ ਫੈਲਣ ਤੋਂ ਰੋਕਣ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਡੇਂਗੂ ਟਾਸਕ ਫੋਰਸ ਦੀ ਮੀਟਿੰਗ ਹੋਈ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਂਗੂ ਤੋਂ ਬੱਚਣ ਲਈ ਹਰ ਸ਼ੁਕਰਵਾਰ ਡਰਾਈ ਡੇਅ ਵਜੋਂ ਮਨਾਇਆ ਜਾਵੇ ਅਤੇ ਜਿਨ੍ਹਾਂ ਸਥਾਨਾਂ ’ਤੇ ਡੇਂਗੂ ਦਾ ਲਾਰਵਾ ਮਿਲਦਾ ਹੈ, ਦੇ ਚਾਲਾਨ ਕੀਤੇ ਜਾਣ। ਉੁਨ੍ਹਾਂ ਸਿਹਤ, ਨਗਰ ਨਿਗਮ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਵਾਰ ਡੇਂਗੂ ਦੇ ਡੰਗ ਨੂੰ ਫੈਲਣ ਤੋਂ ਹਰ ਹਾਲ ਵਿਚ ਰੋੋਕਿਆ ਜਾਵੇ। ਪਿਛਲੇ ਸਾਲ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਦਵਾਈ ਦੇ ਸਪਰੇਅ ਦਾ ਵੱਧ ਜ਼ੋਰ ਦਿੱਤਾ ਜਾਵੇ। ਇਸ ਲਈ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਸ਼ਹਿਰ ਵਿਚ ਇਹ ਮੱਛਰ ਜ਼ਿਆਦਾ ਫੈਲਦਾ ਹੋਣ ਕਾਰਨ ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਜਿੱਥੇ ਵੀ ਸਿਹਤ ਵਿਭਾਗ ਕਹੇ, ਤੁਰੰਤ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਜਾਵੇ। ਉਨ੍ਹਾਂ ਸਿੱਖਿਆ ਵਿਭਾਗ ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਡੇਂਗੂ ਦੇ ਲੱਛਣ ਅਤੇ ਬਚਾਅ ਤੋਂ ਜਾਗਰੂਕ ਕਰਨ ਲਈ ਵੀ ਕਿਹਾ। ਉਨ੍ਹਾਂ ਅਪੀਲ ਕੀਤੀ ਕਿ ਇਸ ਵਾਰ ਸਰਦੀ ਵਿਚ ਵੀ ਡੇਂਗੂ ਦੇ ਕੇਸ ਸਾਹਮਣੇ ਆਏ ਹੋਣ ਕਾਰਨ ਵਧੇਰੇ ਸੁਚੇਤ ਹੋਣ ਦੀ ਲੋੜ ਹੈ।