ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਦਸੰਬਰ
ਲਾਹੌਰ ਦੀ ਫੂਡ ਸਟਰੀਟ ਦੀ ਤਰਜ ’ਤੇ ਅੰਮ੍ਰਿਤਸਰ ਵਿੱਚ ਅੱਧਾ ਦਹਾਕਾ ਪਹਿਲਾਂ ਬਣਾਈ ਅਰਬਨ ਹੱਟ (ਫੂਡ ਸਟਰੀਟ ) ਨੂੰ ਸੁਰਜੀਤ ਕਰਦਿਆਂ ਅਰਬਨ ਹੱਟ ਫੂਡ ਕੋਰਟ ਭਲਕੇ 5 ਦਸੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ। ਫੂਡ ਲਾਇਬਰੇਰੀ ਕੰਪਨੀ ਵੱਲੋਂ ਇਹ ਜ਼ਮੀਨ 30 ਸਾਲਾਂ ਵਾਸਤੇ ਸਰਕਾਰ ਕੋਲੋਂ ਲੀਜ਼ ’ਤੇ ਲਈ ਗਈ ਹੈ। ਕੰਪਨੀ ਦੇ ਮਾਰਕੀਟਿੰਗ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਵੇਲੇ ਇੱਥੇ ਵਿਸ਼ਵ ਦੇ 10 ਵੱਡੇ ਬਰਾਂਡ ਦੇ ਆਊਟਲੈੱਟ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਪੀਜ਼ਾ ਹੱਟ, ਕੈਨੇਡਾ ਦਾ ਮਿਸਟਰ ਸਬ-ਕੋਸਟਾ ਕੌਫੀ, ਦੱਖਣੀ ਭਾਰਤ ਦਾ ਵਾਂਗੂ, ਮਾਸਾਹਾਰੀ ਖਾਣੇ ਲਈ ਲਖਨਊ ਦਾ ਖਾਨਦਾਨੀ ਕੁੱਕੜ, ਹੈਵ ਮੋਰ ਆਈਸਕ੍ਰੀਮ ਕੱਲ੍ਹ ਤੋਂ ਖੋਲ੍ਹੇ ਜਾ ਰਹੇ ਹਨ। ਸਥਾਨਕ ਖਾਣੇ ਵੀ ਸ਼ਾਮਲ ਕੀਤੇ ਜਾਣਗੇ। ਅੰਮ੍ਰਿਤਸਰ ਵਿਚ ਲਾਹੌਰ ਵਾਂਗ ਫੂਡ ਸਟਰੀਟ ਸ਼ੁਰੂ ਕਰਨ ਦਾ ਇਹ ਸੁਪਨਾ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸੀ। ਇਸ ਵਾਸਤੇ ਸਦੀ ਪੁਰਾਣੀ ਅੰਗਰੇਜ਼ਾਂ ਦੇ ਵੇਲੇ ਦੀ ਇਮਾਰਤ ਵਿਕਟੋਰੀਆ ਜੁਬਲੀ ਹਸਪਤਾਲ ਨੂੰ ਵਰਤਿਆ ਗਿਆ ਸੀ ਪਰ ਕੈਪਟਨ ਸਰਕਾਰ ਆਉਣ ਤੋਂ ਬਾਅਦ ਇਹ ਯੋਜਨਾ ਠੰਢੇ ਬਸਤੇ ਵਿੱਚ ਪੈ ਗਈ ਸੀ।