ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 14 ਫਰਵਰੀ
ਅੰਮ੍ਰਿਤਸਰ ਸਾਹਿਤ ਉਤਸਵ ਦੇ ਅੱਜ ਆਖਰੀ ਦਿਨ ਨਾਦ ਪ੍ਰਗਾਸੁ ਵੱਲੋਂ ਕਰਵਾਏ ਗਏ ‘ਚੜ੍ਹਿਆ ਬਸੰਤ’ ਕਵੀ-ਦਰਬਾਰ ਮੌਕੇ ਪੰਜਾਬੀ ਅਤੇ ਪੰਜਾਬੀ ਦੀਆਂ ਉਪ ਬੋਲੀਆਂ ਦੇ ਕਵੀਆਂ ਨੇ ਸਰੋਤਿਆਂ ਨੂੰ ਜਿਥੇ ਮੰਤਰ ਮੁਗਧ ਕਰੀ ਰੱਖਿਆ, ਉਥੇ ਵੱਖ-ਵੱਖ ਅਕਾਦਮਿਕ ਅਦਾਰਿਆਂ ਤੋਂ ਆਏ ਵਿਦਿਆਰਥੀਆਂ ਅੰਦਰ ਸਾਹਿਤ ਦੀ ਚਿਣਗ ਵੀ ਪੈਦਾ ਕੀਤੀ। ਅੱਜ ਪਹਿਲਾਂ ਬਸੰਤ ਰੁੱਤ ਨੂੰ ਮੁੱਖ ਰੱਖਦਿਆਂ ਬਸੰਤ ਰਾਗ ਦਾ ਗਾਇਨ ਪ੍ਰਾਚੀਨ ਬੋਦਲਾਂ ਘਰਾਣੇ ਤੋਂ ਆਏ ਭਾਈ ਅਵਤਾਰ ਸਿੰਘ ਨੇ ਕੀਤਾ।
‘ਚੜ੍ਹਿਆ ਬਸੰਤ’ ਕਵੀ ਦਰਬਾਰ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਕੀਤੀ। ਉਨ੍ਹਾਂ ਸੰਸਥਾ ਨਾਦ ਪ੍ਰਗਾਸੁ ਵੱਲੋਂ ਬਸੰਤ ਸਮਾਗਮ ਕਰਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਨਵੇਂ ਕਵੀਆਂ ਨੂੰ ਉਭਾਰ ਕੇ ਰਵਾਇਤੀ ਕਾਵਿ-ਸ਼ੈਲੀ ਅਤੇ ਸੂਖਮ ਕਲਾਵਾਂ ਸਾਂਭਣ ਦਾ ਕੰਮ ਕੀਤਾ ਗਿਆ ਹੈ। ਮੁੱਖ ਮਹਿਮਾਨ ਪ੍ਰਸਿਧ ਆਲੋਚਕ ਅਤੇ ਸਾਹਿਤਕਾਰ ਡਾ. ਮਨਮੋਹਨ ਨੇ ਸੰਸਥਾ ਵੱਲੋਂ ਗਿਆਨ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾਂਦੇ ਯਤਨਾਂ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਇਸ ਮੌਕੇ ਆਪਣੀ ਕਵਿਤਾ ‘ਕਪਾਲ ਕਿਰਿਆ’ ਅਤੇ ਹੋਰ ਨਜ਼ਮਾਂ ਵੀ ਸੁਣਾਈਆਂ।
ਕਵੀ ਦਰਬਾਰ ਦਾ ਉਦਘਾਟਨ ਖਾਲਸਾ ਕਾਲਜ ਫਾਰ ਵਿਮੈਨ ਦੀ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਕੀਤਾ। ਪੰਜਾਬੀ ਤੇ ਪੰਜਾਬੀ ਦੀਆਂ ਉਪ ਬੋਲੀਆਂ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਨ੍ਹਾਂ ਵਿੱਚ ਕੁਲਦੀਪ ਦੀਪ, ਗੁਰਜੰਟ ਸਿੰਘ, ਹਰਮੀਤ ਵਿਦਿਆਰਥੀ, ਸੁਆਮੀ ਅੰਤਰ ਨੀਰਵ, ਸੁਰਿੰਦਰ ਸਿੰਘ, ਰਾਜੇਸ਼ ਮੋਹਨ, ਅਮਰਜੀਤ ਕੌਰ ਹਿਰਦੇ, ਅਨੂ ਬਾਲਾ, ਵਿਜੇ ਵਿਵੇਕ ਅਤੇ ਦਰਸ਼ਨ ਬੁੱਟਰ ਆਦਿ ਸ਼ਾਮਿਲ ਸਨ। ਸੁਰਿੰਦਰ ਸਿੰਘ ਵੱਲੋਂ ਤਰੰਨੁਮ ਵਿਚ ਪੇਸ਼ ਕੀਤਾ ਗੀਤ ‘ਕਿਸੇ ਵਿੰਨ੍ਹ ਹੋਈ ਪੌਣ ਦੀ ਆਵਾਜ਼ ਨੇ’ ਕਵੀ ਦਰਬਾਰ ਦਾ ਸਿਖਰ ਹੋ ਨਬਿੜਿਆ। ਸੁਆਮੀ ਅੰਤਰ ਨੀਰਵ ਦੀ ਪੰਜਾਬੀ ਦੇ ਨਾਲ-ਨਾਲ ਪਹਾੜੀ ਤੇ ਪੋਠੋਹਾਰੀ ਦੀ ਕਵਿਤਾ ਸੁਣ ਕੇ ਸਰੋਤਿਆਂ ਦੀਆਂ ਤਾੜੀਆਂ ਨੇ ਹਾਲ ਗੂੰਜਣ ਲਾ ਦਿੱਤਾ।
ਸੰਸਥਾ ਨਾਦ ਪ੍ਰਗਾਸੁ ਵੱਲੋਂ ਸਾਹਿਤ ਅਤੇ ਚਿੰਤਨ ਦੇ ਖੇਤਰ ਵਿੱਚ ਦਿੱਤਾ ਜਾਂਦਾ ‘ਨਾਦ ਪ੍ਰਗਾਸੁ ਸ਼ਬਦ ਸਨਮਾਨ’ ਇਸ ਵਰ੍ਹੇ ਪੰਜਾਬੀ ਸਾਹਿਤ ਚਿੰਤਕ ਅਤੇ ਮਸ਼ਹੂਰ ਆਲੋਚਕ ਅਮਰਜੀਤ ਸਿੰਘ ਗਰੇਵਾਲ ਨੂੰ ਦਿੱਤਾ ਗਿਆ। ਇਸ ਵਿੱਚ ਇੱਕੀ ਹਜ਼ਾਰ ਦੀ ਰਾਸ਼ੀ, ਸ਼ਾਲ, ਸਨਮਾਨ ਪੱਤਰ ਅਤੇ ਕਿਤਾਬਾਂ ਦਾ ਸੈਟ ਭੇਟ ਕੀਤੇ ਗਏ। ਵਿਦਿਆਰਥੀਆਂ ਨੇ ਉਤਸਵ ਵਿਚ ਆਯੋਜਤ ਪ੍ਰਦਰਸ਼ਨੀਆਂ ਦਾ ਵੀ ਖੂਬ ਆਨੰਦ ਮਾਣਿਆ।