ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 20 ਜੂਨ
ਸੰਯੁਕਤ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵੱਲੋਂ ਪਿੰਡ ਕੋਟ ਖਾਲਸਾ ਸਬ-ਅਰਬਨ ਵਿੱਚ ਪੈਂਦੇ 12 ਪਲਾਟਾਂ ਉਪਰ ਕਾਬਜ਼ਕਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ। ਨਗਰ ਨਿਗਮ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਜਦੋਂ ਵਿਭਾਗ ਦੇ ਧਿਆਨ ਵਿੱਚ ਆਇਆ ਤਾਂ ਸੰਯੁਕਤ ਕਮਿਸ਼ਨਰ ਦੀ ਪ੍ਰਵਾਨਗੀ ਲੈਣ ਉਪਰੰਤ ਇਨ੍ਹਾਂ ਕਬਜ਼ਿਆਂ ਨੂੰ ਨਗਰ ਨਿਗਮ ਪੁਲੀਸ ਕਰਮਚਾਰੀਆਂ ਦੀ ਮਦਦ ਨਾਲ ਡਿੱਚ ਮਸ਼ੀਨ ਨਾਲ ਮੌਕੇ ਤੋਂ ਹਟਾ ਦਿੱਤਾ ਗਿਆ ਅਤੇ ਜਗ੍ਹਾ ਕਬਜ਼ੇ ਵਿੱਚ ਲੈ ਕੇ ਨਗਰ ਨਿਗਮ ਦੀ ਮਾਲਕੀ ਸਬੰਧੀ ਬੋਰਡ ਲਾ ਦਿੱਤੇ ਗਏ ਅਤੇ ਇਸ ਜਗ੍ਹਾ ’ਤੇ ਚਾਰਦੀਵਾਰੀ ਕਰਨ ਲਈ ਸਿਵਲ ਵਿਭਾਗ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ। ਕੁੱਝ ਲੋਕਾਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ, ਪ੍ਰੰਤੂ ਮੌਕੇ ’ਤੇ ਮਾਲਕੀ ਸਬੰਧੀ ਉਹ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕੇ। ਉਨ੍ਹਾਂ ਕਿਹਾ ਕਿ ਲੋਹਗੜ੍ਹ ਗੇਟ ਤੋਂ ਕਿਲ੍ਹਾ ਲੋਹਗੜ੍ਹ ਗੁਰਦੁਆਰਾ ਨੂੰ ਜਾਂਦੀ ਸੜਕ ਉਪਰ ਕਿਸੇ ਵਿਅਕਤੀ ਵੱਲੋਂ ਟੀਨਾਂ ਦਾ ਖੋਖਾ ਬਣਾ ਕੇ ਸੜਕ ’ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ, ਜਿਸ ਨੂੰ ਮੌਕੇ ਤੋਂ ਹਟਾ ਕੇ ਸੜਕ ਖਾਲੀ ਕਰਵਾਈ ਗਈ ਹੈ।