ਪੱਤਰ ਪ੍ਰੇਰਕ
ਅੰਮ੍ਰਿਤਸਰ, 29 ਸਤੰਬਰ
ਸ਼ਹਿਰ ਦੀ ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ, ਸਮਾਰਟ ਸਿਟੀ ਮਿਸ਼ਨ ਤਹਿਤ ਸ਼ੁਰੂ ਕੀਤੇ ਜਾਣ ਵਾਲੇ ‘ਰਾਹੀ (ਰੀਜ਼ੁਵੀਨੇਸ਼ਨ ਆਫ਼ ਆਟੋ ਰਿਕਸ਼ਾ ਇਨ ਅੰਮ੍ਰਿਤਸਰ ਥਰੂ ਹੋਲਿਸਟਿਕ ਇੰਟਰਵੈਂਸ਼ਨ) ਪ੍ਰਾਜੈਕਟ ਅਧੀਨ ਪੁਰਾਣੇ ਡੀਜ਼ਲ ਆਟੋ ਨੂੰ ਈ-ਆਟੋ ਨਾਲ ਬਦਲਣ ’ਤੇ 75 ਹਜ਼ਾਰ ਰੁਪਏ ਦੀ ਨਕਦ ਸਬਸਿਡੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ, ਫ੍ਰੈਂਚ ਡਿਵੈਲਪਮੈਂਟ ਏਜੂੰਸੀ (ਏਐੱਫਡੀ), ਯੂਰਪੀਅਨ ਯੂਨੀਅਨ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਅਰਬਨ ਅਫੇਅਰਜ਼ (ਐੱਨਆਈਯੂਏ) ਵੱਲੋਂ ਚਲਾਏ ਜਾ ਸਿਟੀਜ਼ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਸਮਾਰਟ ਸਿਟੀ ਵੱਲੋਂ ਲੰਮੇ ਸਮੇਂ ਤੋਂ ਪ੍ਰਾਜੈਕਟ ’ਤੇ ਕੰਮ ਕੀਤਾ ਜਾ ਰਿਹਾ ਹੈ। ਅੱਜ ਰਾਹੀ ਪ੍ਰਾਜੈਕਟ ਅਧੀਨ ਸਬਸਿਡੀ ਦਾ ਐਲਾਨ ਕਰਦਿਆਂ ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀਈਓ ਅਤੇ ਨਗਰ ਨਿਗਮ ਦੇ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਨੇ ਕਿਹਾ ਕਿ ਰਾਹੀ ਸਕੀਮ ਤਹਿਤ ਸ਼ਹਿਰ ਵਿੱਚ ਲਗਪਗ 12 ਹਜ਼ਾਰ ਪੁਰਾਣੇ ਡੀਜ਼ਲ ਆਟੋਜ਼ ਨੂੰ ਆਧੁਨਿਕ ਅਤੇ ਇਕੋ ਫ੍ਰੈਂਡਲੀ ਈ-ਆਟੋ ਨਾਲ ਬਦਲਣ ਦੀ ਯੋਜਨਾ ਹੈ, ਜਿਸ ਤਹਿਤ ਹਰੇਕ ਲਾਭਪਾਤਰੀ ਨੂੰ 75 ਹਜ਼ਾਰ ਰ਼ੁਪਏ ਦੀ ਨਕਦ ਸਬਸਿਡੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਸਟੇਟ ਬੈਂਕ ਆਫ਼ ਇੰਡੀਆ ਨਾਲ ਸਮਝੌਤਾ ਕੀਤਾ ਗਿਆ ਹੈ ਤਾਂ ਜੋ ਈ-ਆਟੋ ਖਰੀਦਦਾਰਾ ਨੂੰ ਆਸਾਨ ਦਰਾਂ ’ਤੇ ਕਰਜ਼ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇਸ਼ ਦਾ ਪਹਿਲਾ ਸ਼ਹਿਰ ਹੋਵੇਗਾ, ਜਿਥੇ ਆਟੋਜ਼ ਨੂੰ ਇੰਨੇ ਵੱਡੇ ਪੱਧਰ ’ਤੇ ਜਨਤਕ ਆਵਾਜਾਈ ਪ੍ਰਣਾਲੀ ਦਾ ਹਿੱਸਾ ਬਣਾਇਆ ਜਾਵੇਗਾ ਅਤੇ ਸਰਕਾਰ ਈ-ਆਟੋ ਖਰੀਦਣ ਲਈ ਇੰਨੀ ਵੱਡੀ ਸਬਸਿਡੀ ਦੇ ਰਹੀ ਹੈ।