ਪੱਤਰ ਪ੍ਰੇਰਕ
ਅੰਮ੍ਰਿਤਸਰ, 22 ਜੁਲਾਈ
ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੰਘ ਚਾਹਲ ਤੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਇਤਿਹਾਸਕ ਰਾਮ ਬਾਗ਼ ਵਿਚਲੇ ਕਲੱਬਾਂ ਦੀ ਲੀਜ਼ 25 ਸਾਲ ਪਹਿਲਾਂ ਖ਼ਤਮ ਹੋ ਚੁੱਕੀ ਅਤੇ ਨਗਰ ਨਿਗਮ ਅੰਮ੍ਰਿਤਸਰ ਇਨ੍ਹਾਂ ਤੋਂ ਕਬਜ਼ਾ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 4 ਦਸੰਬਰ 2018 ਨੂੰ ਇਨ੍ਹਾਂ ਨੂੰ ਬਾਹਰ ਕੱਢਣ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਕਿਹਾ ਕਿ ਅਦਾਲਤ ਨੇ ਬਾਗ਼ ਅੰਦਰ ਸ਼ਰਾਬ ਦੀ ਵਰਤੋਂ ਕਰਨ ਅਤੇ ਹੋਰ ਵਪਾਰਕ ਕੰਮ ਕਰਨ ਦੀ ਮਨਾਹੀ ਵੀ ਕੀਤੀ, ਪਰ ਇੱਥੇ ਸ਼ਰਾਬ ਦੀ ਵਰਤੋਂ ਅੱਜ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੱਤਰ ਕਾਂਗਰਸੀ ਸਰਕਾਰਾਂ ਨੂੰ ਲਿਖੇ ਪਰ ਕਿਸੇ ਨੇ ਕੋਈ ਜੁਆਬ ਨਹੀਂ ਦਿੱਤਾ।