ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਜੂਨ
ਅੱਜ ਸਵੇਰੇ ਭਾਰੀ ਮੀਂਹ ਦੇ ਬਾਵਜੂਦ ਭਾਰਤੀ ਯੋਗ ਸੰਸਥਾਨ ਵਲੋਂ 8ਵਾਂ ਕੌਮਾਂਤਰੀ ਯੋਗ ਦਿਵਸ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਅਤੇ ਆਯੂਸ਼ ਵਿਭਾਗ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਥੇ ਕੰਪਨੀ ਬਾਗ ਵਿਚ ਸਵੇਰੇ ਭਾਰਤੀ ਯੋਗ ਸੰਸਥਾਨ ਦੇ ਮੈਂਬਰ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ। ਇਸ ਕੌਮਾਂਤਰੀ ਯੋਗ ਦਿਵਸ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਗਾਇਤਰੀ ਮੰਤਰ ਤੋਂ ਬਾਅਦ ਸੰਸਥਾਨ ਦੇ ਸਥਾਨਕ ਮੁੱਖੀ ਵਰਿੰਦਰ ਧਵਨ ਵਲੋਂ ਆਯੂਸ਼ ਮੰਤਰਾਲੇ ਵਲੋਂ ਕੌਮਾਂਤਰੀ ਯੋਗ ਦਿਵਸ ਸਬੰਧੀ ਤੈਅ ਕੀਤੇ ਗਏ ਆਸਨ ਅਤੇ ਪ੍ਰਾਣਯਾਮ ਦਾ ਅਭਿਆਸ ਕਰਵਾਇਆ। ਇਸ ਮੌਕੇ ਅਭਿਆਸ ਦੌਰਾਨ ਕਈ ਆਸਨ ਕਰਵਾਏ ਗਏ। ਸ੍ਰੀ ਧਵਨ ਨੇ ਯੋਗ ਅਭਿਆਸ ਕਰਵਾਉਂਦੇ ਸਮੇਂ ਇਸ ਦੇ ਲਾਭ ਬਾਰੇ ਵੀ ਜਾਣਕਾਰੀ ਦਿਤੀ। ਇਸ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਗੁਰਸਿਮਰਨ ਜੀਤ ਕੌਰ, ਆਯੂਸ਼ ਵਿਭਾਗ ਵਲੋਂ ਡਾ. ਅਮਿਤ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵਲੋਂ ਗੁਰਮੀਤ ਸਿੰਘ ਸ਼ਾਮਲ ਸਨ। ਇਨ੍ਹਾਂ ਨੂੰ ਭਾਰਤੀ ਯੋਗ ਸੰਸਥਾਨ ਵਲੋਂ ਮਨਮੋਹਨ ਕਪੂਰ ਤੇ ਸਤੀਸ਼ ਮਹਾਜਨ ਨੇ ਸੰਸਥਾ ਦੀਆਂ ਪੁਸਤਕਾਂ ਦੇ ਕੇ ਸਨਮਾਨਿਤ ਵੀ ਕੀਤਾ। ਆਪਣੇ ਸੰਖੇਪ ਸਬੰਧੋਨ ਦੌਰਾਨ ਏਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਯੋਗ ਨੂੰ ਆਪਣੇ ਰੋਜ਼ ਦੇ ਜੀਵਨ ਦਾ ਹਿੱਸਾ ਬਣਾਉਣ। ਇਸ ਦੌਰਾਨ ਭਾਰਤੀ ਯੋਗ ਸੰਸਥਾਨ ਵਲੋਂ ਇਥੇ ਪੁਸਤਕਾਂ ਤੇ ਹੋਰ ਯੋਗ ਸਾਮਾਨ ਦੇ ਸਟਾਲ ਵੀ ਲਾਏ ਗਏ ਸਨ। ਸੰਸਥਾਨ ਦੇ ਹੋਰ ਆਗੂਆਂ ਮਾਸਟਰ ਮੋਹਨ ਲਾਲ, ਪ੍ਰਮੋਦ ਭਾਟੀਆ, ਸੁਨੀਲ ਕਪੂਰ, ਗਿਰਧਾਰੀ ਲਾਲ ਤੇ ਹੋਰਨਾਂ ਵਲੋਂ ਵੱਖ ਵੱਖ ਅਦਾਰਿਆਂ ਵਿਚ ਜਾ ਕੇ ਕੌਮਾਂਤਰੀ ਯੋਗ ਦਿਵਸ ਦਾ ਅਭਿਆਸ ਵੀ ਕਰਵਾਇਆ ਗਿਆ।
ਸ਼ਹਿਰ ਵਿਚ ਵੱਖ ਵੱਖ ਥਾਵਾਂ ’ਤੇ ਵੀ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ।