ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਫਰਵਰੀ
ਵਿਧਾਨ ਸਭਾ ਲਈ ਬੀਤੇ ਕੱਲ੍ਹ ਪਈਆਂ ਵੋਟਾਂ ਦੌਰਾਨ ਜ਼ਿਲੇ ਵਿਚ ਸਭ ਤੋਂ ਵੱਧ ਵੋਟਾਂ ਅਜਨਾਲਾ ਵਿਧਾਨ ਸਭਾ ਹਲਕੇ ਵਿਚ 78 ਫ਼ੀਸਦ ਪਈਆਂ ਹਨ ਜਦੋਂਕਿ ਸਭ ਤੋਂ ਘੱਟ ਵੋਟਾਂ ਸ਼ਹਿਰ ਦੇ ਅੰਮ੍ਰਿਤਸਰ ਪੱਛਮੀ ਹਲਕੇ ਵਿਚ 55.1 ਫ਼ੀਸਦ ਪਈਆਂ ਹਨ। ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿਚ 64.45 ਫ਼ੀਸਦ ਵੋਟਾਂ ਪਈਆਂ ਹਨ। ਇਸ ਦੌਰਾਨ ਏਵੀਐਮ ਮਸ਼ੀਨਾਂ ਸਖਤ ਸੁਰਖਿਆ ਪ੍ਰਬੰਧਾਂ ਹੇਠ ਵੱਖ ਵੱਖ ਥਾਵਾਂ ’ਤੇ ਰੱਖੀਆਂ ਗਈਆਂ ਹਨ। ਚੋਣ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਦਿਹਾਤੀ ਹਲਕਿਆਂ ਵਿਚ ਸ਼ਹਿਰੀ ਹਲਕਿਆਂ ਦੀ ਬਜਾਏ ਵਧੇਰੇ ਵੋਟਾਂ ਪਈਆਂ ਹਨ। ਅਜਨਾਲਾ ਵਿਚ 78 ਫ਼ੀਸਦ, ਰਾਜਾਸਾਂਸੀ ਵਿਚ 69.65 ਫ਼ੀਸਦ, ਮਜੀਠਾ ਵਿਚ 70.20 ਫ਼ੀਸਦ, ਜੰਡਿਆਲਾ ਵਿਚ 62.50 ਫ਼ੀਸਦ, ਅਟਾਰੀ ਵਿਚ 65.18 ਫ਼ੀਸਦ, ਬਾਬਾ ਬਕਾਲਾ ਵਿਚ 65.32 ਫ਼ੀਸਦ ਵੋਟਾਂ ਪਈਆਂ ਹਨ। ਜਦੋਂਕਿ ਸ਼ਹਿਰ ਦੇ ਪੰਜ ਹਲਕਿਆਂ ਵਿਚ ਸਭ ਤੋਂ ਵੱਧ ਵੋਟਾਂ ਅੰਮ੍ਰਿਤਸਰ ਪੂਰਬੀ ਵਿਚ 64 ਫ਼ੀਸਦ ਪਈਆਂ ਹਨ। ਅੰਮ੍ਰਿਤਸਰ ਉਤਰੀ ਵਿਚ 60.97, ਅੰਮ੍ਰਿਤਸਰ ਦੱਖਣੀ ਵਿਚ 59.3, ਅੰਮ੍ਰਿਤਸਰ ਕੇਂਦਰੀ ਵਿਚ 58.76 ਅਤੇ ਸਭ ਤੋਂ ਘੱਟ ਅੰਮ੍ਰਿਤਸਰ ਪੱਛਮੀ ਵਿਚ 55.1 ਫ਼ੀਸਦ ਵੋਟਾਂ ਪਈਆਂ ਹਨ। ਵੋਟਾਂ ਤੋਂ ਬਾਅਦ ਹੁਣ ਇਥੇ ਨਤੀਜਿਆਂ ਨੂੰ ਲੈ ਕੇ ਚਰਚਾ ਚਲ ਰਹੀ ਹੈ । ਇਸ ਸਬੰਧ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੌਰਾਨ ਏਵੀਐਮ ਮਸ਼ੀਨਾਂ ਨੂੰ ਵੱਖ ਵੱਖ ਥਾਵਾਂ ’ਤੇ ਕਰੜੇ ਸੁਰਖਿਆ ਪ੍ਰਬੰਧ ਹੇਠ ਰੱਖਿਆ ਗਿਆ ਹੈ। ਇਨ੍ਹਾਂ ਥਾਵਾਂ ’ਤੇ ਨੀਮ ਫੌਜੀ ਬਲ ਤਾਇਨਾਤ ਕੀਤੇ ਗਏ ਹਨ, ਜਿਥੇ 24 ਘੰਟੇ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਨਿਗਰਾਨੀ ਹੋਵੇਗੀ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਉਧਰ ਅੱਜ ਸਾਰਾ ਦਿਨ ਉਮੀਦਵਾਰਾਂ ਵੱਲੋਂ ਜਮ੍ਹਾਂ ਘਟਾਓ ਲਗਾਏ ਗਏ। ਉਮੀਦਵਾਰਾਂ ਦੇ ਸਮਰਥਕ ਵੀ ਅੱਜ ਸਾਰਾ ਦਿਨ ਿਗਣਤੀਆਂ ਮਿਣਤੀਆਂ ਕਰਦੇ ਦਿਖਾਈ ਿਦੱਤੇ।