ਪੱਤਰ ਪ੍ਰੇਰਕ
ਅੰਮ੍ਰਿਤਸਰ, 19 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨੈਸ਼ਨਲ ਡਿਫੈਂਸ ਅਕਾਦਮੀ, ਪੂਨੇ ਵਿਚਾਲੇ ਅੱਜ ਇਕ ਅਹਿਮ ਸਮਝੌਤਾ ਨੇਪਰੇ ਚੜ੍ਹਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਨੈਸ਼ਨਲ ਡਿਫੈਂਸ ਅਕੈਡਮੀ, ਪੁਣੇ (ਐੱਨਡੀਏ) ਅਤੇ ਯੂਨੀਵਰਸਿਟੀ ਵਿਚਕਾਰ ਹੋਏ ਸਮਝੌਤੇ ਦਾ ਅਕੈਡਮੀ ਦੇ ਉਨ੍ਹਾਂ ਕੈਡਿਟਸ ਨੂੰ ਜਿਨ੍ਹਾਂ ਦੀ ਸਿਖਲਾਈ/ਸਿਖਿਆ ਕਿਸੇ ਕਾਰਨ ਛੁੱਟ ਜਾਂਦੀ ਹੈ ਜਾਂ ਕਿਸੇ ਹੋਰ ਕਾਰਨ ਉਨ੍ਹਾਂ ਨੂੰ ਇਹ ਸਿਖਲਾਈ/ਸਿਖਿਆ ਵਿਚੇ ਹੀ ਛੱਡਣੀ ਪੈਂਦੀ ਹੈ, ਉਨ੍ਹਾਂ ਨੂੰ ਇਸ ਸਮਝੌਤੇ ਦਾ ਸਭ ਤੋਂ ਵੱਧ ਲਾਭ ਮਿਲੇਗਾ। ਇਸ ਸਮਝੌਤੇ ਤਹਿਤ ਉਨ੍ਹਾਂ ਦੀ ਅਧਵਾਟੇ ਛੁੱਟੀ ਪੜ੍ਹਾਈ ਨੂੰ ਯੂਨੀਵਰਸਿਟੀ ਪੂਰੀ ਕਰੇਗੀ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ, ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਮਨੋਜ ਕੁਮਾਰ ਅਤੇ ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਦੇ ਕੋਆਰਡੀਨੇਟਰ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਐਨਡੀਏ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ 6,000 ਕੈਡੇਟ ਅਕੈਡਮੀ ਤੋਂ ਬਾਹਰ ਹੋ ਗਏ ਹਨ। ਇਸ ਮਿਆਦ ਵਿੱਚ, 2.3 ਫੀਸਦ ਕੈਡਿਟਾਂ (ਲਗਭਗ 138 ਕੈਡਿਟਾਂ) ਨੇ ਅਕਾਦਮਿਕ ਟੀਚਿਆਂ, ਬਾਹਰੀ ਸਿਖਲਾਈ, ਅਨੁਸ਼ਾਸਨ ਦੇ ਮਾਪਦੰਡਾਂ ਨੂੰ ਪੂਰਾ ਨਾ ਕਰ ਸਕਣ ਜਾਂ ਸਿਖਲਾਈ ਦੌਰਾਨ ਸੱਟਾਂ/ਡਾਕਟਰੀ ਸਥਿਤੀਆਂ ਜਾਂ ਪੁਰਾਣੀਆਂ ਬਿਮਾਰੀਆਂ ਦੇ ਕਾਰਨ ਅਕੈਡਮੀ ਤੋਂ ਬਾਹਰ ਹੋ ਗਏ ਸਨ। ਹੁਣ ਇਸ ਸਬੰਧੀ ਇਕ ਵੱਡਾ ਕਾਰਜ ਸਿਰੇ ਚੜ੍ਹਿਆ ਅਤੇ ਭਵਿੱਖ ਵਿਚ ਕੈਡਿਟ ਬਿਨਾ ਕਿਸੇ ਅਕਾਦਮਿਕ ਚਿੰਤਾ ਆਪਣੀ ਤਿਆਰੀ ਕਰ ਸਕਣਗੇ। ਪ੍ਰੋ. ਸੰਧੂ ਨੇ ਕਿਹਾ ਕਿ ਇਹ ਸਮਝੌਤਾ ਯੂਨੀਵਰਸਿਟੀ ਅਤੇ ਨੈਸ਼ਨਲ ਡੀਫੈਂਸ ਅਕੈਡਮੀ ਵਿੱਚ ਸਹਿਯੋਗ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।