ਜਤਿੰਦਰ ਬੈਂਸ
ਗੁਰਦਾਸਪੁਰ, 20 ਜੂਨ
ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਅਤੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਸਥਾਨਕ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿੱਚ ਰੈਲੀ ਕਰਨ ਉਪੰਰਤ ਸ਼ਹਿਰ ਅੰਦਰ ਰੋਸ ਮੁਜ਼ਾਹਰਾ ਕਰ ਕੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਐੱਸਪੀ ਸਿੰਘ ਗੋਸਲ, ਮੱਖਣ ਸਿੰਘ ਕੁਹਾੜ, ਜਾਗੀਰ ਸਿੰਘ ਸਲਾਚ, ਸੁਖਦੇਵ ਸਿੰਘ ਭਾਗੋਕਾਵਾਂ, ਤਰਲੋਕ ਸਿੰਘ ਬਹਿਰਾਮਪੁਰ, ਜਗਜੀਤ ਸਿੰਘ ਅਲੂਣਾ, ਅਮਨਪ੍ਰੀਤ ਸਿੰਘ, ਮਨੀ ਭੱਟੀ, ਗੁਰਦੀਪ ਸਿੰਘ ਮੁਸਤਫਾਬਾਦ ਤੇ ਠਾਕੁਰ ਧਿਆਨ ਸਿੰਘ ਆਦਿ ਨੇ ਮੋਦੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪਾ ਦਿੱਤਾ ਹੈ। ਬੁਲਾਰਿਆਂ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਹਿੰਦੂ ਰਾਸ਼ਟਰ ਬਣਾਉਣ ਲਈ ਆਰਐੱਸਐੱਸ ਦਾ ਏਜੰਡਾ ਕੰਮ ਕਰ ਰਿਹਾ ਹੈ।
ਉਨ੍ਹਾਂ ਐਲਾਨ ਕੀਤਾ ਕਿ ਭਾਜਪਾ ਸਰਕਾਰ ਦੀ ਇਹ ਸਕੀਮ ਕਿਸੇ ਸੂਰਤ ਵਿੱਚ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਕੇਂਦਰ ਸਰਕਾਰ ਦਾ ਪੁਤਲਾ ਸਾੜਨ ਤੋਂ ਬਾਅਦ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ।
ਭਿੱਖੀਵਿੰਡ (ਨਰਿੰਦਰ ਸਿੰਘ): ਪਿੰਡ ਸਭਰਾ ਵਿੱਚ ਸਾਬਕਾ ਸੈਨਿਕਾਂ ਵੱਲੋਂ ਅਗਨੀਪੱਥ ਸਕੀਮ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਨੂੰ ਫ਼ੈਸਲਾ ਬਦਲਣ ਮੰਗ ਕੀਤੀ। ਇਸ ਮੌਕੇ ਸਾਬਕਾ ਫ਼ੌਜੀਆਂ ਨੇ ਦੱਸਿਆ ਕਿ ਅਗਨੀਪਥ ਸਕੀਮ ਸਾਰਥਕ ਨਹੀਂ ਹੈ, ਇਸ ਨਾਲ ਨੌਜਵਾਨਾਂ ਦਾ ਭਵਿੱਖ ਖ਼ਰਾਬ ਹੋਵੇਗਾ ਅਤੇ ਫੌਜ ਦੇ ਅਕਸ ਨੂੰ ਵੀ ਢਾਹ ਲੱਗੇਗੀ। ਉਨ੍ਹਾਂ ਇਸ ਮਾਮਲੇ ਵਿਚ ਜਿੱਥੇ ਫ਼ੌਜ ਨੂੰ ਭਾਰਤੀ ਨਾ ਕਰਨ ਦੀ ਅਪੀਲ ਕੀਤੀ, ਉੱਥੇ ਨੌਜਵਾਨਾਂ ਨੂੰ ਫ਼ੈਸਲਾ ਆਉਣ ਤੱਕ ਇਸ ਭਰਤੀ ਪ੍ਰਕਿਰਿਆ ’ਚ ਹਿੱਸਾ ਨਾ ਲੈਣ ਦੀ ਅਪੀਲ ਕੀਤੀ।
ਅਜਨਾਲਾ (ਸੁਖਦੇਵ ਸਿੰਘ ਅਜਨਾਲਾ): ਕਿਰਤੀ ਕਿਸਾਨ ਯੂਨੀਅਨ ਵੱਲੋਂ ਫ਼ੌਜ ’ਚ ਭਰਤੀ ਲਈ ਅਗਨੀਪਥ ਸਕੀਮ ਲਿਆਉਣ ਦਾ ਵਿਰੋਧ ਕਰਨ ਅਤੇ ਜਥੇਬੰਦੀ ਦੇ ਕੌਮੀ ਜਨਰਲ ਸਕੱਤਰ ਅਸ਼ੀਸ਼ ਮਿੱਤਲ ’ਤੇ ਯੂਪੀ ਸਰਕਾਰ ਵੱਲੋਂ ਦਿੱਲੀ ਦੇ ਬਾਰਡਰਾਂ ’ਤੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਵਿਰੋਧੀ ਅੰਦੋਲਨ ਤੇ ਸੀਏਏ ਵਿਰੋਧੀ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਕਰਕੇ ਕਿੜ ਕੱਢਣ ਲਈ ਕੇਸ ਦਰਜ ਕਰਨ ਦੇ ਵਿਰੋਧ ’ਚ ਸ਼ਹਿਰ ਵਿੱਚ ਮੁਜ਼ਾਹਰਾ ਕੱਢ ਕੇ ਐੱਸ.ਡੀ.ਐੱਮ. ਅਜਨਾਲਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਤੇ ਯੂਪੀ ਦੇ ਰਾਜਪਾਲ ਤੇ ਰਾਸ਼ਟਰਪਤੀ ਦੇ ਨਾਂ ’ਤੇ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਡਾਕਟਰ ਅਸ਼ੀਸ਼ ਮਿੱਤਲ ’ਤੇ ਦਰਜ ਕੇਸ ਅਤੇ ਅਗਨੀਪਥ ਸਕੀਮ ਰੱਦ ਕੀਤੀ ਜਾਵੇ।
ਇਸ ਮੌਕੇ ਕਿਸਾਨ ਆਗੂਆਂ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਤੇ ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਸਹਿੰਸਰਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਮਹੂਰੀ ਲਹਿਰ ਨੂੰ ਆਗੂ ਰਹਿਤ ਕਰਨ ਵਾਸਤੇ ਡਾ. ਮਿੱਤਲ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਨੀਪਥ ਸਕੀਮ ਦੇ ਪਿੱਛੇ ਵੀ ਗੁੱਝੇ ਮੰਤਵ ਹਨ ਜੋ ਦੇਸ਼ ਦੇ ਹਿੱਤ ’ਚ ਨਹੀਂ। ਇਸ ਸਮੇਂ ਕਿਸਾਨ ਆਗੂਆਂ ਮੇਜਰ ਸਿੰਘ ਕੜਿਆਲ, ਅਵਤਾਰ ਸਿੰਘ ਜੱਸੜ, ਸੁਖਵਿੰਦਰ ਸਿੰਘ ਕਿਆਮਪੁਰ, ਜ਼ੋਰਾਵਰ ਸਿੰਘ ਤੇ ਇੰਦਰਜੀਤ ਸਿੰਘ ਵਿਛੋਆ ਆਦਿ ਹਾਜ਼ਰ ਸਨ।
ਸੀਪੀਆਈ (ਐੱਮ ਐੱਲ) ਵੱਲੋਂ ਅਗਨੀਪੱਥ ਯੋਜਨਾ ਰੱਦ ਕਰਨ ਦੀ ਮੰਗ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਨੇ ਮੋਦੀ ਸਰਕਾਰ ਵੱਲੋਂ ਲਿਆਂਦੀ ਅਗਨੀਪਥ ਯੋਜਨਾ ਰੱਦ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਅਗਨੀਪਥ ਸਕੀਮ ਤਹਿਤ ਲਏ ਫ਼ੈਸਲਿਆਂ ਵਿਰੁੱਧ ਨੌਜਵਾਨਾਂ ’ਚ ਪੈਦਾ ਹੋਏ ਰੋਹ ਨੂੰ ਦੇਖਦਿਆਂ ਫ਼ੈਸਲੇ ’ਤੇ ਨਜ਼ਰਸਾਨੀ ਨਾ ਕਰਨ ਅਤੇ ਤਿੰਨ ਸੈਨਾਵਾਂ ਦੇ ਮੁਖੀਆਂ ਵੱਲੋਂ ਪਹਿਲਾਂ ਹੀ ਮਿੱਥੇ ਪ੍ਰੋਗਰਾਮ ਤਹਿਤ ਭਰਤੀ ਅਮਲ ਜਾਰੀ ਰੱਖਣ ਦੀ ਜ਼ਿੱਦ ਦੇਸ਼ ਲਈ ਘਾਤਕ ਸਿੱਧ ਹੋਵੇਗੀ। ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਰੈਗੂਲਰ ਭਰਤੀ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਨੌਜਵਾਨ ਲੰਬੇ ਸਮੇਂ ਤੋਂ ਜੰਤਰ-ਮੰਤਰ ਦਿੱਲੀ ਧਰਨਾ ਦੇ ਰਹੇ ਸਨ ਪਰ ਮੋਦੀ ਸਰਕਾਰ ਨੇ ਉਨ੍ਹਾਂ ਦੀ ਮੰਗ ਨੂੰ ਅਣਗੌਲਿਆਂ ਕਰ ਕੇ ਅਗਨੀਪਥ ਯੋਜਨਾ ਤਹਿਤ ਠੇਕੇ ’ਤੇ ਚਾਰ ਸਾਲ ਲਈ ਭਰਤੀ ਕਰਨ ਦਾ ਫ਼ੈਸਲਾ ਕਰ ਲਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਅਗਨੀਪਥ ਯੋਜਨਾ ਰਾਹੀਂ ਕੀਤੀ ਜਾਣ ਵਾਲੀ ਭਰਤੀ ਦਾ ਐਲਾਨਿਆ ਪ੍ਰੋਗਰਾਮ ਰੱਦ ਕੀਤਾ ਜਾਵੇ ਅਤੇ ਨੌਜਵਾਨਾਂ ਦੇ ਪੱਕੇ ਰੁਜ਼ਗਾਰ ਦੀਆਂ ਯੋਜਨਾਵਾਂ ਬਣਾਈਆਂ ਜਾਣ ਤੇ ਭਰਤੀ ਲਈ ਪੁਲੀਸ ਪੜਤਾਲ ਰਾਹੀਂ ਕਿਸੇ ਅੰਦੋਲਨ ਦਾ ਹਿੱਸਾ ਨਾ ਲਏ ਜਾਣ ਦੀ ਸ਼ਰਤ ਬੰਦ ਕੀਤੀ ਜਾਵੇ। ਉਨ੍ਹਾਂ ਸਰਕਾਰ ਦੇ ਲਗਾਤਾਰ ਵਧ ਰਹੇ ਫ਼ਿਰਕੂ ਫਾਸ਼ੀਵਾਦ ਦਾ ਵਿਰੋਧ ਕਰਨ ਦਾ ਸੱਦਾ ਵੀ ਦਿੱਤਾ।
ਪਠਾਨਕੋਟ: ਏਡੀਜੀਪੀ ਰੇਲਵੇ ਨੇ ਰੇਲਵੇ ਸਟੇਸ਼ਨਾਂ ਦਾ ਲਿਆ ਜਾਇਜ਼ਾ
ਪਠਾਨਕੋਟ (ਐੱਨ ਪੀ ਧਵਨ): ਏਡੀਜੀਪੀ ਰੇਲਵੇ ਮੁਹੰਮਦ ਫਾਰੂਕੀ ਨੇ ਪਠਾਨਕੋਟ ਸਿਟੀ ਅਤੇ ਕੈਂਟ ਰੇਲਵੇ ਸਟੇਸ਼ਨਾਂ ਦਾ ਦੌਰਾ ਕੀਤਾ ਤੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ ਅਤੇ ਜਵਾਨਾਂ ਨੂੰ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਕਰਨ ਦਾ ਆਦੇਸ਼ ਦਿੱਤਾ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਅਰੁਣ ਸੈਣੀ, ਆਰਪੀਐਫ ਦੇ ਸਹਾਇਕ ਸੁਰੱਖਿਆ ਕਮਿਸ਼ਨਰ ਆਰ ਐੱਨ ਮਿਸ਼ਰਾ, ਸਟੇਸ਼ਨ ਸੁਪਰਡੈਂਟ ਰਾਜਪਾਲ, ਉਪ-ਸਟੇਸ਼ਨ ਸੁਪਰਡੈਂਟ ਵਿਕਰਮ ਦੇਵ ਸ਼ਰਮਾ ਸਮੇਤ ਜੀਆਰਪੀ ਅਤੇ ਜ਼ਿਲ੍ਹਾ ਪੁਲੀਸ ਦੇ ਅਧਿਕਾਰੀ ਹਾਜ਼ਰ ਸਨ। ਅਗਨੀਪਥ ਦੇ ਵਿਰੋਧ ਵਿੱਚ ‘ਭਾਰਤ ਬੰਦ’ ਦੇ ਸੱਦੇ ਨੂੰ ਪਠਾਨਕੋਟ ਜ਼ਿਲ੍ਹੇ ਅੰਦਰ ਕੋਈ ਹੁੰਗਾਰਾ ਨਹੀਂ ਮਿਲਿਆ ਅਤੇ ਸਾਰਾ ਦਿਨ ਸ਼ਾਂਤੀ ਬਣੀ ਰਹੀ। ਸ਼ਹਿਰ ਦੇ ਸਾਰੇ ਚੌਕਾਂ-ਚੌਰਾਹਿਆਂ, ਬੱਸ ਸਟੈਂਡ, ਰੇਲਵੇ ਸਟੇਸ਼ਨਾਂ ਅਤੇ ਮਹੱਤਵਪੂਰਨ ਸਥਾਨਾਂ ਉਪਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜਗ੍ਹਾ-ਜਗ੍ਹਾ ’ਤੇ ਪੁਲੀਸ ਤਾਇਨਾਤ ਸੀ।
ਕਈ ਥਾਈਂ ‘ਭਾਰਤ ਬੰਦ’ ਦੇ ਸੱਦੇ ਨੂੰ ਹੁੰਗਾਰਾ ਨਾ ਮਿਲਿਆ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕੇਂਦਰ ਸਰਕਾਰ ਦੀ ਅਗਨੀਪੱਥ ਸਕੀਮ ਵਿਰੁੱਧ ਕਈ ਜਥੇਬੰਦੀਆਂ ਵੱਲੋਂ ਦਿੱਤੇ ਗਏ ‘ਭਾਰਤ ਬੰਦ’ ਦੇ ਸੱਦੇ ਨੂੰ ਜਲੰਧਰ ਸ਼ਹਿਰ ਵਿੱਚ ਕੋਈ ਖ਼ਾਸ ਹੁੰਗਾਰਾ ਨਹੀਂ ਮਿਲਿਆ। ਸਾਰੇ ਵਪਾਰਕ ਅਦਾਰੇ, ਬਾਜ਼ਾਰ, ਦੁਕਾਨਾਂ, ਉਦਯੋਗ, ਬੈਂਕ ਅਤੇ ਪ੍ਰਾਈਵੇਟ ਕੋਚਿੰਗ ਸੈਂਟਰ ਤੇ ਹੋਰ ਅਦਾਰੇ ਆਮ ਦਿਨਾਂ ਵਾਂਗ ਚੱਲਦੇ ਰਹੇ। ‘ਭਾਰਤ ਬੰਦ’ ਦੇ ਸੱਦੇ ਦੇ ਮੱਦੇਨਜ਼ਰ ਪੁਲੀਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਸ਼ਾਂਤੀ ਭੰਗ ਹੋਣ ਤੋਂ ਰੋਕਣ ਲਈ ਰੇਲਵੇ ਸਟੇਸ਼ਨ ਦੇ ਬਾਹਰ ਰੈਪਿਡ ਟਾਸਕ ਫੋਰਸ ਸਮੇਤ ਵਾਧੂ ਪੁਲੀਸ ਤਾਇਨਾਤ ਸੀ। ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਸਵੇਰੇ ਹੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਅਤੇ ਹੋਰ ਥਾਵਾਂ ਦਾ ਦੌਰਾ ਕੀਤਾ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸਾਬਕਾ ਸੈਨਿਕ ਵੈੱਲਫੇਅਰ ਯੂਨੀਅਨ ਨੇ ਅੱਜ ਇੱਥੇ ਕੇਂਦਰ ਦੀ ਅਗਨੀਪਥ ਯੋਜਨਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਇਸ ਯੋਜਨਾ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇੱਥੇ ਰੇਲਵੇ ਸਟੇਸ਼ਨ ਨੇੜੇ ਪੁਲ ਹੇਠਾਂ ਰੋਸ ਪ੍ਰਦਰਸ਼ਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਅਗਨੀਪੱਥ ਯੋਜਨਾ ਨੂੰ ਤੁਰੰਤ ਵਾਪਸ ਲਵੇ। ਉਨ੍ਹਾਂ ਇਸ ਯੋਜਨਾ ਨੂੰ ਦੇਸ਼ ਅਤੇ ਸਮਾਜ ਦੋਵਾਂ ਲਈ ਨੁਕਸਾਨਦੇਹ ਦੱਸਿਆ। ਸਾਬਕਾ ਫ਼ੌਜੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਯੋਜਨਾ ਨੂੰ ਵਾਪਸ ਲਵੇ। ਇਸ ਮੌਕੇ ਸਾਬਕਾ ਫ਼ੌਜੀ ਗੁਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ।
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਅਗਨੀਪਥ ਸਕੀਮ ਖਿਲਾਫ਼ ਕਈ ਸੰਗਠਨਾਂ ਵੱਲੋਂ ਅੱਜ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਸੀ, ਪ੍ਰੰਤੂ ਇਲਾਕੇ ’ਚ ਇਸਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ। ਪਿੰਡ ਕੁੱਕੜਾਂਵਾਲਾ, ਭਲਾ ਪਿੰਡ, ਗੁਰੂ ਕਾ ਬਾਗ਼, ਜਗਦੇਵ ਕਲਾਂ, ਚੇਤਨਪੁਰਾ ਤੇ ਲਸ਼ਕਰੀ ਨੰਗਲ ਆਦਿ ਅੱਡਿਆਂ ਦੀਆਂ ਦੁਕਾਨਾਂ ਆਮ ਦਿਨਾਂ ਵਾਂਗ ਖੁੱਲ੍ਹੀਆਂ ਸਨ ਜਦਕਿ ਵਾਹਨਾਂ ਦੀ ਆਵਾਜਾਈ ਵੀ ਆਮ ਦਿਨਾਂ ਵਾਂਗ ਹੀ ਰਹੀ। ਪੁਲੀਸ ਥਾਣਾ ਝੰਡੇਰ ਦੇ ਮੁਖੀ ਚਰਨਜੀਤ ਸਿੰਘ ਅਤੇ ਪੁਲੀਸ ਚੌਕੀ ਕੁੱਕੜਾਂਵਾਲਾ ਦੇ ਇੰਚਾਰਜ ਮਨਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਵੱਲੋਂ ਵੱਖ-ਵੱਖ ਥਾਵਾਂ ’ਤੇ ਨਾਕੇ ਲਾ ਕੇ ਬਾਜ਼ਾਰਾਂ ’ਚ ਚੌਕਸੀ ਰੱਖੀ ਜਾ ਰਹੀ ਹੈ।