ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਮਾਰਚ
ਰਿਸ਼ਤੇਦਾਰ ਨੂੰ ਸਬਕ ਸਿਖਾਉਣ ਲਈ ਦੋ ਵਿਅਕਤੀਆਂ ਵੱਲੋਂ ਚਾਰ ਸਾਲਾਂ ਦੀ ਇਕ ਬੱਚੀ ਨੂੰ ਅਗਵਾ ਕਰਕੇ ਬੋਰੀ ’ਚ ਬੰਦ ਕਰਕੇ ਖੇਤਾਂ ’ਚ ਸੁੱਟ ਦਿੱਤਾ। ਇ ਬੱਚੀ ਲੋਪੋਕੇ ਪੁਲੀਸ ਥਾਣੇ ਹੇਠ ਆਉਂਦੇ ਪਿੰਡ ਸਾਰੰਗੜਾ ਦੇ ਖੇਤਾਂ ’ਚੋਂ ਮਿਲੀ ਹੈ, ਜੋ ਇਕ ਬੋਰੀ ਵਿੱਚ ਬੰਦ ਸੀ। ਬੱਚੀ ਨੂੰ ਜਾਨੋਂ ਮਾਰਨ ਦੇ ਮੰਤਵ ਨਾਲ ਬੋਰੀ ’ਚ ਬੰਦ ਕਰਕੇ ਇਥੇ ਸੁੱਟਿਆ ਗਿਆ ਸੀ। ਵੇਰਵਿਆਂ ਮੁਤਾਬਕ ਦੋ ਵਿਅਕਤੀਆਂ ਨੇ ਬੋਰੀ ’ਚ ਬੰਦ ਇਸ ਕੁੜੀ ਨੂੰ ਖੇਤਾਂ ’ਚ ਸੁਟਦਿਆਂ ਦੇਖ ਲਿਆ ਸੀ, ਜਿਨ੍ਹਾਂ ਨੇ ਭੱਜ ਦੌੜ ਕਰਕੇ ਕੁੜੀ ਨੂੰ ਬਚਾਇਆ ਤੇ ਅਗਵਾਕਾਰਾਂ ’ਚੋਂ ਇਕ ਨੂੰ ਕਾਬੂ ਕੀਤਾ, ਜਿਸਨੂੰ ਬਾਅਦ ’ਚ ਪੁਲੀਸ ਦੇ ਹਵਾਲੇ ਕੀਤਾ ਗਿਆ। ਇਸ ਦੌਰਾਨ ਦੂਜਾ ਅਗਵਾਹਕਾਰ ਫਰਾਰ ਹੋ ਗਿਆ।
ਗ੍ਰਿਫਤਾਰ ਕੀਤੇ ਅਗਵਾਕਾਰ ਦੀ ਸ਼ਨਾਖਤ ਗੁਰਦਿੱਤ ਸਿੰਘ ਵਾਸੀ ਪਿੰਡ ਭਿੰਡੀਆਂ ਔਲਖ ਖੁਰਦ ਵਜੋਂ ਹੋਈ ਹੈ। ਜਦੋਂਕਿ ਉਸਦੇ ਦੂਜੇ ਸਾਥੀ ਦੀ ਸ਼ਨਾਖਤ ਖੰਘੂਰੀ ਵਾਸੀ ਪਿੰਡ ਰਤਨ ਖੁਰਦ ਵਜੋਂ ਹੋਈ ਹੈ। ਕੁੜੀ ਨੂੰ ਬਾਅਦ ’ਚ ਪੁਲੀਸ ਨੇ ਉਸਦੇ ਮਾਪਿਆਂ ਨੂੰ ਸੌਂਪ ਦਿੱਤਾ। ਇਸ ਦੌਰਾਨ ਕੁੜੀ ਨੂੰ ਬਚਾਉਣ ਵਾਲੇ ਬਲਰਾਜ ਸਿੰਘ ਵਾਸੀ ਪਿੰਡ ਸਾਰੰਗੜਾ ਨੇ ਦੱਸਿਆ ਕਿ ਉਹ ਰਿਸ਼ਤੇਦਾਰ ਸਰਵਣ ਸਿੰਘ ਨਾਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਲੇਲੀਆਂ ਕੋਲ ਪੁੱਜੇ ਤਾਂ ਉਥੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਦੇਖਿਆ, ਜਿਨ੍ਹਾਂ ’ਚੋਂ ਇਕ ਨੇ ਬੋਰੀ ਫੜੀ ਹੋਈ ਸੀ। ਇਨ੍ਹਾਂ ਨੇ ਇਹ ਬੋਰੀ ਖੇਤਾਂ ’ਚ ਸੁੱਟ ਦਿੱਤੀ ਤੇ ਭੱਜਣ ਲੱਗੇ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਜਦੋਂ ਉਹ ਬੋਰੀ ਕੋਲ ਪੁੱਜੇ ਤਾਂ ਉਸ ’ਚੋਂ ਬੱਚੇ ਦੇ ਰੋਣ ਦੀ ਆਵਾਜ਼ ਆਈ। ਉਨ੍ਹਾਂ ਬੋਰੀ ਨੂੰ ਖੋਲ੍ਹਿਆ ਤੇ ਉਸ ਵਿੱਚੋਂ ਕੁੜੀ ਨੂੰ ਬਾਹਰ ਕੱਢਿਆ। ਬਾਅਦ ’ਚ ਬੋਰੀ ਸੁੱਟਣ ਵਾਲੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਦਾ ਪਿੱਛਾ ਕੀਤਾ ਤੇ ਇਕ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗੁਰਦਿੱਤ ਸਿੰਘ ਨੇ ਜਾਂਚ ਦੌਰਾਨ ਪੁਲੀਸ ਕੋਲ ਖੁਲਾਸਾ ਕੀਤਾ ਕਿ ਇਹ ਕੁੜੀ ਉਸਦੇ ਇਕ ਰਿਸ਼ਤੇਦਾਰ ਹਰਪ੍ਰੀਤ ਸਿੰਘ ਦੀ ਬੇਟੀ ਹੈ, ਜਿਸ ਦਾ ਪਿਛਲੇ ਦਿਨੀਂ ਖੰਘੂਰੀ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਇਆ ਸੀ। ਉਹ ਉਸਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਤੇ ਇਸੇ ਲਈ ਉਸਦੀ ਕੁੜੀ ਨੂੰ ਅਗਵਾ ਕਰ ਲਿਆ। ਪੁਲੀਸ ਵੱਲੋਂ ਇਸ ਮਾਮਲੇ ’ਚ ਆਈਪੀਸੀ ਦੀ ਧਾਰਾ 364, 34, 511 ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਨੇ ਬੱਚੀ ਨੂੰ ਉੁਸਦੀ ਮਾਂ ਕੋਮਲਪ੍ਰੀਤ ਨੂੰ ਸੌਂਪ ਦਿੱਤਾ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀ ਦੇ ਦੂਜੇ ਸਾਥੀ ਨੂੰ ਕਾਬੂ ਕਰਨ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।