ਜਗਤਾਰ ਲਾਂਬਾ
ਅੰਮ੍ਰਿਤਸਰ, 15 ਅਕਤੂਬਰ
ਇੱਥੇ ਕ੍ਰਿਸਟਲ ਚੌਕ ਨੇੜੇ ਚਲ ਰਹੀ ਰੇਹੜੀ ਮਾਰਕੀਟ ਵਿੱਚ ਅੱਜ ਸ਼ਾਮ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕੀਤੀ ਕਾਰਵਾਈ ਦੇ ਰੋਸ ਵਜੋਂ ਰੇਹੜੀਆਂ ਵਾਲਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਰੋਸ ਧਰਨਾ ਦਿੱਤਾ ਗਿਆ। ਰੇਹੜੀਆਂ ਵਾਲੇ ਨੁਕਸਾਨ ਦੀ ਭਰਪਾਈ ਦੀ ਮੰਗ ਕਰ ਰਹੇ ਸਨ। ਸ਼ਾਮ ਵੇਲੇ ਨਿਗਮ ਦੀ ਇਕ ਟੀਮ ਨੇ ਡਿਚ ਮਸ਼ੀਨ ਦੀ ਮਦਦ ਨਾਲ ਇੱਥੇ ਲੱਗੀਆਂ ਲਗਪਗ ਦੋ ਦਰਜਨ ਤੋਂ ਵੱਧ ਰੇਹੜੀਆਂ ਦੀ ਤੋੜ-ਭੰਨ ਕੀਤੀ। ਇਸ ਕਾਰਵਾਈ ਦੌਰਾਨ ਇੱਥੇ ਰੇਹੜੀ ਮਾਲਕਾ ਵਲੋ ਤਿਆਰ ਕੀਤਾ ਖਾਣ ਪੀਣ ਦਾ ਸਾਮਾਨ ਵੀ ਨੁਕਸਾਨਿਆ ਗਿਆ ਅਤੇ ਕਈਆਂ ਦੀਆਂ ਰੇਹੜੀਆਂ ਵੀ ਟੁੱਟ ਗਈਆਂ। ਵਿਰੋਧ ਕਰਦਿਆਂ ਕੁਝ ਲੋਕ ਜ਼ਖਮੀ ਵੀ ਹੋਏ ਹਨ। ਇਹ ਰੇਹੜੀ ਮਾਰਕੀਟ ਇੱਥੇ ਨਿੱਜੀ ਜ਼ਮੀਨ ’ਤੇ ਚਲ ਰਹੀ ਸੀ।
ਮਿਲੇ ਵੇਰਵਿਆ ਮੁਤਾਬਕ ਬੀਤੇ ਕੱਲ੍ਹ ਨਗਰ ਨਿਗਮ ਦੇ ਸਿਹਤ ਵਿਭਾਗ ਦੀ ਟੀਮ ਇੱਥੇ ਜਾਂਚ ਵਾਸਤੇ ਆਈ ਸੀ ਅਤੇ ਸਫਾਈ ਦੀ ਘਾਟ ਕਾਰਨ ਉਨ੍ਹਾਂ ਨੇ ਕੁਝ ਰੇਹੜੀਆਂ ਵਾਲਿਆਂ ਦੇ ਚਾਲਾਨ ਵੀ ਕੀਤੇ ਸਨ ਪਰ ਰੇਹੜੀਆਂ ਵਾਲਿਆਂ ਨੇ ਨਿਗਮ ਕਰਮਚਾਰੀਆਂ ਨਾਲ ਦੁਰਵਿਹਾਰ ਕੀਤਾ ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਨਿਗਮ ਦੇ ਉਚ ਅਧਿਕਾਰੀਆਂ ਕੋਲ ਕੀਤੀ , ਜਿਸ ਤੋਂ ਬਾਅਦ ਅਜ ਸ਼ਾਮ ਨਿਗਮ ਨੇ ਇੱਥੇ ਇਹ ਵੱਡੀ ਕਾਰਵਾਈ ਕਰ ਦਿੱਤੀ ।
ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਥੇ ਬਿਨਾਂ ਆਗਿਆ ਇਹ ਨਾਜਾਇਜ਼ ਰੇਹੜੀ ਮਾਰਕੀਟ ਚਲਾਈ ਜਾ ਰਹੀ ਸੀ। ਦੂਜੇ ਪਾਸੇ ਜ਼ਖਮੀ ਹੋਏ ਪਵਨ ਅਤੇ ਵਿਜੇ ਨੇ ਆਖਿਆ ਕਿ ਨਿਗਮ ਨੇ ਬਿਨਾਂ ਕਿਸੇ ਨੋਟਿਸ ਦੇ ਇਹ ਕਾਰਵਾਈ ਕੀਤੀ ਹੈ ਜੋ ਨਾਦਰਸ਼ਾਹੀ ਕਾਰਵਾਈ ਹੈ। ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ ਪਰ ਅੱਜ ਤਕ ਤਾਂ ਕਿਸੇ ਵੀ ਨਿਗਮ ਕਰਮਚਾਰੀ ਨੇ ਅਜਿਹੀ ਪੁੱਛਗਿੱਛ ਨਹੀਂ ਕੀਤੀ ਅਤੇ ਨਾ ਹੀ ਅਜਿਹੀ ਭੰਨਤੋੜ ਵਾਲੀ ਕਾਰਵਾਈ ਕੀਤੀ ਹੈ। ਖਬਰ ਲਿਖੇ ਜਾਣ ਤਕ ਰੇਹੜੀਆ ਵਾਲਿਆਂ ਵੱਲੋਂ ਕ੍ਰਿਸਟਲ ਚੌਕ ਵਿੱਚ ਧਰਨਾ ਦੇ ਕੇ ਆਵਾਜਾਈ ਰੋਕੀ ਹੋਈ ਸੀ।