ਸਰਹੱਦ ਪਾਰੋਂ ਆਈ ਤਿੰਨ ਕਿੱਲੋ ਹੈਰੋਇਨ ਸਮੇਤ ਮੁਲਜ਼ਮ ਗ੍ਰਿਫ਼ਤਾਰ

ਸਰਹੱਦ ਪਾਰੋਂ ਆਈ ਤਿੰਨ ਕਿੱਲੋ ਹੈਰੋਇਨ ਸਮੇਤ ਮੁਲਜ਼ਮ ਗ੍ਰਿਫ਼ਤਾਰ

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 29 ਨਵੰਬਰ

ਜ਼ਿਲ੍ਹਾ ਦਿਹਾਤੀ ਪੁਲੀਸ ਨੇ ਅੱਜ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਨਿਸ਼ਾਨਦੇਹੀ ’ਤੇ ਪਾਕਿਸਤਾਨ ਤੋਂ ਤਸਕਰੀ ਰਾਹੀਂ ਭਾਰਤ ਪੁੱਜੀ ਤਿੰਨ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਉਸ ਨੇ ਇਹ ਹੈਰੋਇਨ ਪਿੰਡ ਪੰਜ ਗਰਾਈਆਂ ਦੇ ਇੱਕ ਖੇਤ ਵਿੱਚ ਲੁਕਾਈ ਹੋਈ ਸੀ।

ਐੱਸਐੱਸਪੀ ਧਰੁਵ ਦਾਹੀਆ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਸ਼ਨਾਖ਼ਤ ਹਿੰਮਤ ਸਿੰਘ ਵਾਸੀ ਪਿੰਡ ਮੋੜੇ ਥਾਣਾ ਘਰਿੰਡਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਅਗਾਊਂ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੁੱਛ ਪੜਤਾਲ ਦੌਰਾਨ ਉਸ ਵੱਲੋਂ ਲੁਕਾਈ ਹੋਈ ਤਿੰਨ ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮ ਨੇ ਦੱਸਿਆ ਕਿ ਪਾਕਿਸਤਾਨੀ ਤਸਕਰਾਂ ਨੇ ਇਹ ਹੈਰੋਇਨ ਕੋਲਡ ਡਰਿੰਕ ਦੀਆਂ ਬੋਤਲਾਂ ਵਿੱਚ ਪਾ ਕੇ ਸਰਹੱਦ ਪਾਰੋਂ ਰਾਵੀ ਦਰਿਆ ਰਾਹੀਂ ਭਾਰਤ ਭੇਜੀ ਹੈ। ਇਹ ਤਿੰਨ ਕਿੱਲੋ ਹੈਰੋਇਨ ਮਲਕੀਤ ਸਿੰਘ ਨਾਂ ਦੇ ਵਿਅਕਤੀ ਵੱਲੋਂ ਮੰਗਵਾਈ ਗਈ ਸੀ, ਜੋ ਇਸ ਵੇਲੇ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਵਿੱਚ ਹੀ ਉਸ ਨੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਬਣਾਏ ਹੋਏ ਸਨ। ਇਸ ਮਗਰੋਂ ਪੁਲੀਸ ਨੇ ਫ਼ਰੀਦਕੋਟ ਜੇਲ੍ਹ ਦੇ ਸੁਪਰਡੈਂਟ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਮਲਕੀਤ ਸਿੰਘ ਕੋਲੋਂ ਇਕ ਫੋਨ ਬਰਾਮਦ ਕੀਤਾ ਗਿਆ। ਜ਼ਿਲ੍ਹਾ ਦਿਹਾਤੀ ਪੁਲੀਸ ਨੇ ਇਸ ਸਬੰਧੀ ਥਾਣਾ ਭਿੰਡੀ ਸੈਦਾਂ ਵਿੱਚ ਐੱਨਡੀਪੀਐੱਸ ਐਕਟ ਹੇਠ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਮਲਕੀਤ ਸਿੰਘ ਖ਼ਿਲਾਫ਼ ਵੱਖਰਾ ਕੇਸ ਵੀ ਦਰਜ ਕੀਤਾ ਗਿਆ ਹੈ।

ਤਰਨ ਤਾਰਨ: ਚਾਰ ਠੇਕਿਆਂ ਤੋਂ ਭਾਰੀ ਮਾਤਰਾ ’ਚ ਸ਼ਰਾਬ ਬਰਾਮਦ

ਤਰਨ ਤਾਰਨ (ਗੁਰਬਖਸ਼ਪੁਰੀ): ਜ਼ਿਲ੍ਹਾ ਪੁਲੀਸ ਨੇ ਇਲਾਕੇ ਅੰਦਰ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਖੋਲ੍ਹੇ ਨਾਜਾਇਜ਼ ਠੇਕਿਆਂ ਖਿਲਾਫ਼ ਸ਼ੁਰੂ ਕਾਰਵਾਈ ਨੂੰ ਜਾਰੀ ਰੱਖਦਿਆਂ ਅਜਿਹੇ ਚਾਰ ਠੇਕਿਆਂ ਤੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ| ਪੁਲੀਸ ਨੇ ਇਸ ਧੰਦੇ ਵਿੱਚ ਸ਼ਾਮਲ ਦੋ ਜਣਿਆਂ ਨੂੰ ਕਾਬੂ ਕਰ ਲਿਆ ਹੈ ਜਦਕਿ ਇੱਕ ਮਾਮਲੇ ਵਿੱਚ ਸ਼ਾਮਲ ਕਾਂਗਰਸ ਪਾਰਟੀ ਦਾ ਚੋਟੀ ਦਾ ਆਗੂ ਸਰਪ੍ਰੀਤ ਸਿੰਘ ਉਰਫ਼ ਜੋਤੀ ਸ਼ੇਖੋਂ ਪਹਿਲਾਂ ਹੀ ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਦਰਜ ਕੀਤੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ| ਪੁਲੀਸ ਨੇ ਦੱਸਿਆ ਕਿ ਇਲਾਕੇ ਅੰਦਰ ਭਾਉਵਾਲ, ਕਾਲੀਆ ਸੰਕਤਰਾ, ਹਰੀਕੇ ਅਤੇ ਸ਼ੇਰੋਂ ਵਿੱਚ ਬਿਨਾਂ ਆਬਕਾਰੀ ਵਿਭਾਗ ਤੋਂ ਮਨਜ਼ੂਰੀ ਲਿਆਂ ਖੋਲ੍ਹੇ ਇਨ੍ਹਾਂ ਠੇਕਿਆਂ ਤੋਂ 3,78,815 ਐੱਮਐੱਲ ਅੰਗਰੇਜ਼ੀ, 2,77,335 ਐੱਮਐੱਲ ਦੇਸੀ ਠੇਕਾ ਸ਼ਰਾਬ ਅਤੇ 15600 ਐਮਐਲ ਬੀਅਰ ਬਰਾਮਦ ਕੀਤੀ ਗਈ ਹੈ| ਪੁਲੀਸ ਨੇ ਬੈਂਕਾ ਪਿੰਡ ਵਾਸੀ ਬੋਹੜ ਸਿੰਘ ਅਤੇ ਰਾਧਲਕੇ ਦੇ ਵਾਸੀ ਬਲਦੇਵ ਸਿੰਘ ਨੂੰ ਕਾਬੂ ਕੀਤਾ ਹੈ ਜਿਹੜੇ ਠੇਕਿਆਂ ਦੇ ਕਰਿੰਦੇ ਸਨ ਜਦਕਿ ਇਨ੍ਹਾਂ ਠੇਕਿਆਂ ਦੇ ਮਾਲਕ ਫ਼ਰਾਰ ਹੋ ਗਏ| ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਦੀ ਦਫ਼ਾ 61,1, 14, ਅਤੇ ਫੌਜਦਾਰੀ ਧਾਰਾਵਾਂ 420, 120-ਬੀ ਅਤੇ 409 ਅਧੀਨ ਕੇਸ ਦਰਜ ਕੀਤੇ ਹਨ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All