ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਮਾਰਚ
ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਭਲਕੇ 13 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਜੇਤੂ ਟੀਮ ਵੱਲੋਂ ਇਥੇ ਸ਼ਹਿਰ ਵਿੱਚ ਰੋਡ ਮਾਰਚ ਕੀਤਾ ਜਾਵੇਗਾ। ਇਸ ਦੀ ਪੁਸ਼ਟੀ ਕਰਦਿਆਂ ‘ਆਪ’ ਦੀ ਮੀਡੀਆ ਟੀਮ ਦੇ ਮੈਂਬਰ ਗੁਰਭੇਜ ਸਿੰਘ ਨੇ ਦੱਸਿਆ ਕਿ ਇਹ ਰੋਡ ਸ਼ੋਅ ਦੁਪਹਿਰ ਦੋ ਵਜੇ ਕਿਚਲੂ ਚੌਕ ਤੋਂ ਆਰੰਭ ਹੋਵੇਗਾ ਅਤੇ ਨਾਵਲਟੀ ਚੌਕ ਜਾਂ ਫੋਰ ਐਸ ਚੌਕ ਤਕ ਚੱਲੇਗਾ। ਇਸ ਦੌਰਾਨ ‘ਆਪ’ ਦੇ ਜੇਤੂ ਉਮੀਦਵਾਰ ਲੋਕਾਂ ਦਾ ਧੰਨਵਾਦ ਕਰਨਗੇ।
ਮਿਲੇ ਵੇਰਵਿਆਂ ਮੁਤਾਬਕ ਸ੍ਰੀ ਕੇਜਰੀਵਾਲ, ਭਗਵੰਤ ਮਾਨ ਤੇ ਹੋਰ ਵਿਧਾਇਕ ਕਰੀਬ 11 ਵਜੇ ਸਥਾਨਕ ਹਵਾਈ ਅੱਡੇ ਪੁੱਜਣਗੇ। ਇੱਥੋਂ ਉਹ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜਾਣਗੇ। ਉਹ ਗੁਰੂ ਘਰ ਵਿਚ ਜਿੱਤ ਲਈ ਸ਼ੁਕਰਾਨੇ ਦੀ ਅਰਦਾਸ ਕਰਨਗੇ। ਉਪਰੰਤ ਦੁਰਗਿਆਣਾ ਮੰਦਿਰ ਅਤੇ ਇਤਿਹਾਸਕ ਰਾਮ ਤੀਰਥ ਮੰਦਿਰ ਵਿਚ ਵੀ ਨਤਮਸਤਕ ਹੋਣਗੇ। ਇਸ ਤੋਂ ਬਾਅਦ ਸ਼ਹਿਰ ’ਚ ਮਾਰਚ ਕੱਢਿਆ ਜਾਵੇਗਾ।
ਪੰਜਾਬ ਦੇ ਬਣਨ ਵਾਲੇ ਮੁੱਖ ਮੰਤਰੀ ਤੇ ‘ਆਪ’ ਦੀ ਜੇਤੂ ਟੀਮ ਦੇ ਸਵਾਗਤ ਲਈ ਪ੍ਰਸ਼ਾਸਨ ਪੱਬਾਂ ਭਾਰ ਆ ਗਿਆ ਹੈ। ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ, ਪੁਲੀਸ ਕਮਿਸ਼ਨਰ, ਪੁਲੀਸ ਦੇ ਡਿਪਟੀ ਕਮਿਸ਼ਨਰ, ਨਗਰ ਨਿਗਮ ਦੇ ਮੇਅਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਰੋਡ ਮਾਰਚ ਵਾਲੇ ਖੇਤਰ ਦਾ ਜਾਇਜ਼ਾ ਲਿਆ ਗਿਆ ਹੈ।
ਪ੍ਰਸ਼ਾਸਨ ਵੱਲੋਂ ਪ੍ਰਮੁੱਖ ਸਥਾਨਾਂ ਦੀ ਸਫ਼ਾਈ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸ਼ਹਿਰ ਦੇ ਧਾਰਮਿਕ ਸਥਾਨਾਂ ਨੇੜਲੇ ਇਲਾਕਿਆਂ ਦੀ ਸਫ਼ਾਈ ਕੀਤੀ ਗਈ। ਸੜਕਾਂ ਵਿੱਚ ਪਏ ਖੱਡੇ ਵੀ ਲੁੱਕ ਨਾਲ ਭਰੇ ਗਏ। ਸਥਾਨਕ ਰਾਮ ਤੀਰਥ ਰੋਡ ’ਤੇ ਅੰਮ੍ਰਿਤਸਰ ਤੋਂ ਰਾਮ ਤੀਰਥ ਮੰਦਰ ਤੱਕ ਸੜਕ ਵਿਚ ਟੋਏ ਭਰਨ ਲਈ ਮੁਲਾਜ਼ਮ ਦੇਰ ਸ਼ਾਮ ਤੱਕ ਕੰਮ ਕਰਦੇ ਦਿਖੇ। ਦੁਕਾਨਦਾਰਾਂ ਨੇ ਕਿਹਾ ਕਿ ਇੱਥੇ ਭਲਕੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਤੇ ‘ਆਪ’ ਵਿਧਾਇਕਾਂ ਦੀ ਆਮਦ ਕਰ ਕੇ ਅੱਜ ਸਫ਼ਾਈ ਹੋ ਰਹੀ ਹੈ ਜਦੋੋਂਕਿ ਪਹਿਲਾਂ ਇੱਥੇ ਸਫ਼ਾਈ ਵਿਵਸਥਾ ਦਾ ਹਾਲ ਜ਼ਿਆਦਾ ਚੰਗਾ ਨਹੀਂ ਸੀ। ਇਸੇ ਦੌਰਾਨ ਪੁਲੀਸ ਮੁਲਾਜ਼ਮ ਵੀ ਸੁਰੱਖਿਆ ਪ੍ਰਬੰਧ ਚੁਸਤ-ਦਰੁੱਸਤ ਰੱਖਣ ਲਈ ਤਿਆਰੀਆਂ ਕਰਦੇ ਦਿਖੇ। ਸਥਾਨਕ ਲੋਕਾਂ ਨੇ ਕਿਹਾ ਕਿ ਜਾਪਦਾ ਹੈ ਕਿ ਸਰਕਾਰ ਬਦਲਣ ਨਾਲ ਪ੍ਰਸ਼ਾਸਨ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਵਿੱਚ ਵੀ ਤਬਦੀਲੀ ਦਿਖੇਗੀ।