ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 30 ਅਕਤੂਬਰ
ਸਥਾਨਕ ਕੇਂਦਰੀ ਜੇਲ੍ਹ ਵਿੱਚੋਂ ਅੱਜ ਮੁੜ ਪੰਜ ਮੋਬਾਈਲ ਫੋਨ, 104 ਸਿਗਰਟਾਂ ਦੇ ਬੰਡਲ, ਨਸ਼ੀਲਾ ਪਦਾਰਥ ਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਹੋਇਆ ਹੈ। ਸਿਗਰਟਾਂ ਦੇ ਬੰਡਲ ਆਦਿ ਜੇਲ੍ਹ ਦੇ ਬਾਹਰੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੁੱਟੇ ਗਏ ਹਨ। ਇਸ ਸਬੰਧ ਵਿੱਚ ਪੁਲੀਸ ਵੱਲੋਂ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ’ਤੇ ਚਾਰ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।
ਜੇਲ੍ਹ ਵਿੱਚ ਜਾਂਚ ਦੌਰਾਨ ਕੈਦੀ ਅੰਮ੍ਰਿਤਪਾਲ ਸਿੰਘ ਕੋਲੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ ਹੈ ਜਦੋਂ ਕਿ ਰਵਿੰਦਰ ਸਿੰਘ ਨਾਂ ਦੇ ਵਿਅਕਤੀ ਕੋਲੋਂ 20 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਨਰਿੰਦਰ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਜੇਲ੍ਹ ਦੇ ਅਹਾਤੇ ਵਿੱਚ ਗਸ਼ਤ ਦੌਰਾਨ ਜੇਲ੍ਹ ਅਮਲੇ ਨੂੰ 850 ਚਿੱਟੇ ਰੰਗ ਦੀਆਂ ਗੋਲੀਆਂ ਅਤੇ 14 ਬੰਡਲ ਸਿਗਰਟਾਂ ਦੇ ਬਰਾਮਦ ਹੋਏ ਹਨ, ਜੋ ਕਿ ਜੇਲ੍ਹ ਦੇ ਬਾਹਰੋਂ ਅੰਦਰ ਸੁੱਟੇ ਗਏ ਲੱਗਦੇ ਹਨ। ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਅਹਾਤੇ ਵਿੱਚੋਂ ਚਾਰ ਮੋਬਾਈਲ ਫੋਨ ਲਾਵਾਰਸ ਅਵਸਥਾ ਵਿੱਚ ਮਿਲੇ ਹਨ। ਇਕ ਹੋਰ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਜੇਲ੍ਹ ਦੇ ਅਹਾਤੇ ਵਿੱਚੋਂ ਸਿਗਰਟਾਂ ਦੇ 90 ਬੰਡਲ ਹੋਰ ਬਰਾਮਦ ਹੋਏ ਹਨ। ਇਹ ਵੀ ਜੇਲ੍ਹ ਦੇ ਬਾਹਰੋਂ ਸੁੱਟੇ ਗਏ ਲੱਗਦੇ ਹਨ। ਥਾਣਾ ਇਸਲਾਮਾਬਾਦ ਦੀ ਪੁਲੀਸ ਨੇ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਚਾਰ ਵੱਖ-ਵੱਖ ਕੇਸ ਦਰਜ ਕੀਤੇ ਹਨ।